Skip to content
Independent perspectives. Global stories.
BREAKING

ਭ੍ਰਿਸ਼ਟਾਚਾਰ, ਅਪਰਾਧ ਤੇ ਨਸ਼ੇ ਅਕਾਲੀ-ਭਾਜਪਾ ਸਰਕਾਰ ਦੀ ਪਛਾਣ ਬਣੇ : ਬਾਜਵਾ

Share this story

ਕਿਹਾ : ਅਪਰਾਧੀਆਂ ਦਾ ਗਿਰੋਹ ਬਣਿਆ ਯੂਥ ਅਕਾਲੀ ਦਲ, ਹੜ੍ਹਤਾਲੀ ਈ.ਜੀ.ਐੱਸ. ਅਧਿਆਪਕਾਂ ਨੂੰ ਦਿੱਤਾ ਪੂਰਾ ਸਮਰਥਨ
image ਫਿਰੋਜ਼ਪੁਰ, 8 ਫਰਵਰੀ (ਮਨੋਹਰ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਅਰਾਜਕਤਾ ਵੱਲ ਵੱਧ ਰਿਹਾ ਹੈ ਅਤੇ ਭ੍ਰਿਸ਼ਟਾਚਾਰ, ਅਪਰਾਧ ਤੇ ਨਸ਼ੇ ਇਸ ਸਰਕਾਰ ਦੀ ਪਛਾਣ ਬਣ ਚੁੱਕੇ ਹਨ। ਬਾਜਵਾ ਸਥਾਨਕ ਵਿਧਾਨਕਾਰ ਪਰਮਿੰਦਰ ਸਿੰਘ ਪਿੰਕੀ ਵੱਲੋਂ ਪੰਜਾਬ ’ਚ ਚੱਲ ਰਹੇ ਡਰੱਗ ਰੈਕੇਟ ਦੀ ਸੀ.ਬੀ.ਆਈ. ਜਾਂਚ ਸਬੰਧੀ ਪ੍ਰਦੇਸ਼ ਕਾਂਗਰਸ ਦੀ ਮੰਗ ਦੇ ਸਮਰਥਨ ’ਚ ਜ਼ਿਲ੍ਹਾ ਪੱਧਰੀ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਬਾਜਵਾ ਨੇ ਕਿਹਾ ਕਿ ਕਾਂਗਰਸ ਬਠਿੰਡਾ ’ਚ ਅੰਦੋਲਨ ਕਰ ਰਹੇ ਐਜੁਕੇਸ਼ਨ ਗਰੰਟੀ ਸਕੀਮ ਹੇਠ ਕੰਮ ਕਰਨ ਵਾਲੇ ਅਧਿਆਪਕਾਂ ਦਾ ਪੂਰਾ ਸਮਰਥਨ ਕਰਦੀ ਹੈ। ਇਕ ਅਧਿਆਪਕ ਦੀ 14 ਮਹੀਨਿਆਂ ਦੀ ਬੇਟੀ ਏਕਨੂਰ ਦੀ ਦਰਦਨਾਕ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਬਠਿੰਡਾ ਕਾਂਗਰਸ ਕਮੇਟੀ ਨੂੰ ਹੜ੍ਹਤਾਲੀ ਅਧਿਆਪਕਾਂ ਦਾ ਪੂਰਾ ਸਮਰਥਨ ਕਰਨ ਦੇ ਨਿਰਦੇਸ਼ ਦਿੱਤੇ।
ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨਿਗਰਾਨ ਦੀ ਭੂਮਿਕਾ ਨਿਭਾਅ ਰਹੀ ਹੈ ਤੇ ਪੰਜਾਬ ਦੀ ਭਲਾਈ ਸਬੰਧੀ ਮੁੱਦਿਆਂ ਨੂੰ ਚੁੱਕ ਕੇ ਇਮਾਨਦਾਰ ਵਿਰੋਧੀ ਧਿਰ ਦਾ ਫਰਜ਼ ਅਦਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਭ੍ਰਿਸ਼ਟਾਚਾਰ ਤੇ ਅਪਰਾਧ ਦਾ ਦੂਜਾ ਨਾਂ ਬਣ ਚੁੱਕੀ ਹੈ। ਪੰਜਾਬ ਦੇ ਲੋਕਾਂ ਨੇ ਸੂਬੇ ਨੂੰ ਅੱਗੇ ਲਿਜਾਣ ਲਈ ਅਕਾਲੀ ਭਾਜਪਾ ਸਰਕਾਰ ਨੂੰ ਆਦੇਸ਼ ਦਿੱਤਾ ਸੀ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸੂਬੇ ਨੂੰ ਦੀਵਾਲੀਏਪਨ ਦੇ ਦਲਦਲ ’ਚ ਧਕੇਲ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ’ਚ ਨਸ਼ਾਖੋਰੀ ਸਿਰਫ ਅਕਾਲੀ ਭਾਜਪਾ ਸਰਕਾਰ ਦੀ ਇਕੋਮਾਤਰ ਲੋਕਾਂ ਨੂੰ ਦੇਣ ਹੈ। ਮੁੱਖ ਮੰਤਰੀ ਸਰਕਾਰੀ ਮਸ਼ੀਨਰੀ ਤੇ ਹੋਰਨਾਂ ਸਾਧਨਾਂ ਨੂੰ ਡਰੱਗ ਰੈਕੇਟ ਦੀ ਜਾਂਚ ਨੂੰ ਦਬਾਉਣ ’ਚ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲ ’ਤੇ ਭਰੋਸਾ ਕੀਤਾ ਸੀ ਅਤੇ ਉਨ੍ਹਾਂ ਨੂੰ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਦਾ ਮਾਣ ਦਿੱਤਾ ਸੀ। ਆਸ ਸੀ ਕਿ ਬਾਦਲ ਦੇ ਲੋਕਾਂ ਦੇ ਧੰਨਵਾਦੀ ਹੋਣਗੇ, ਪਰ ਉਨ੍ਹਾਂ ਨੇ ਨਸ਼ੇ ਦੇ ਵਪਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ੀ ਮੰਤਰੀਆਂ ਦਾ ਬਚਾਅ ਕਰਕੇ ਲੋਕਾਂ ਦੇ ਵਿਸ਼ਵਾਸ ਨੂੰ ਤੋੜਿਆ ਹੈ।
ਬਾਜਵਾ ਨੇ ਕਿਹਾ ਕਿ ਮਾਲ ਮੰਤਰੀ ਤੇ ਬਾਦਲ ਦਾ ਨਜ਼ਦੀਕੀ ਰਿਸ਼ਤੇਦਾਰ ਬਿਕ੍ਰਮ ਸਿੰਘ ਮਜੀਠੀਆ ਨਾ ਸਿਰਫ ਨਸ਼ੇ ਦੇ ਵਪਾਰ ’ਚ ਸ਼ਾਮਿਲ ਹੈ, ਬਲਕਿ ਅਪਰਾਧੀਆਂ ਨੂੰ ਸ਼ਰਨਸਥਲੀ ਪ੍ਰਦਾਨ ਕਰ ਰਿਹਾ ਹੈ। ਯੂਥ ਅਕਾਲੀ ਦਲ ਅਪਰਾਧੀਆਂ ਦਾ ਗਿਰੋਹ ਬਣ ਚੁੱਕਾ ਹੈ। ਹਾਲੇ ’ਚ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਵੱਲੋਂ ਖੰਨਾ ’ਚ 17 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਿਹੜਾ ਅਪਰਾਧੀਆਂ ਨੂੰ ਮਿਲ ਰਹੀ ਸਿਆਸੀ ਸ਼ੈਅ ਨੂੰ ਸਾਬਤ ਕਰਦਾ ਹੈ। ਉਨ੍ਹਾਂ ਨੇ ਯਾਦੂ ਤੇ ਉਸਦੇ ਸਾਥੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਹੋਣ ਵਾਲੀਆਂ ਜਿਆਦਾਤਰ ਵੱਡੀਆਂ ਅਪਰਾਧਿਕ ਘਟਨਾਵਾਂ ’ਚ ਮਜੀਠੀਆ ਦੇ ਸਮਰਥਕ ਸ਼ਾਮਿਲ ਪਾਏ ਗਏ ਹਨ। ਉਨ੍ਹਾਂ ਨੇ ਅੰਮ੍ਰਿਤਸਰ ’ਚ ਯੂਥ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਰਾਣਾ ਦੀ ਉਦਾਹਰਨ ਦਿੱਤੀ, ਜਿਸਨੇ ਆਪਣੀ ਬੇਟੀ ਦੀ ਇਜੱਤ ਦੀ ਰੱਖਿਆ ਕਰਨ ਵਾਲੇ ਏ.ਐਸ.ਆਈ ਰਵਿੰਦਰਪਾਲ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਬਾਜਵਾ ਨੇ ਕਿਹਾ ਕਿ ਮਜੀਠੀਆ ਦਾ ਨਾਂ ਰੇਤ ਤੇ ਸ਼ਰਾਬ ਮਾਫੀਆ ਨੂੰ ਪ੍ਰਮੋਟ ਕਰਨ ’ਚ ਸਾਹਮਣੇ ਆਇਆ ਹੈ। ਉਸਦੇ ਸਮਰਥਕਾਂ ਨੇ ਲੁਧਿਆਣਾ ’ਚ ਤਹਿਸੀਲਦਾਰ ਗੁਰਜਿੰਦਰ ਸਿੰਘ ਬੈਨੀਪਾਲ ਤੇ ਐਸ.ਪੀ. ਰੈਂਕ ਦੇ ਅਫਸਰ ਐਸ.ਐਸ ਮੰਡ ਨਾਲ ਮਾਰਕੁੱਟ ਕੀਤੀ ਸੀ। ਮਜੀਠੀਆ ਦੇ ਦੋ ਨਜਦੀਕੀਆਂ ਮਨਿੰਦਰ ਸਿੰਘ ਬਿੱਟੂ ਔਲਖ ਤੇ ਜਗਜੀਤ ਸਿੰਘ ਚਾਹਲ ਨੂੰ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ, ਜਿਹੜੇ ਨਸ਼ਿਆਂ ਦਾ ਉਤਪਾਦਨ ਕਰਕੇ ਉਸਨੂੰ ਲਾਲ ਬੱਤੀ ਵਾਲੀਆਂ ਗੱਡੀਆਂ ’ਚ ਪ੍ਰਮੁੱਖ ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਸਪਲਾਈ ਕਰ ਰਹੇ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੰਸ ਰਾਜ ਜੋਸਨ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਇੰਦਰਜੀਤ ਸਿੰਘ ਜ਼ੀਰਾ ਸਾਬਕਾ ਮੰਤਰੀ, ਗੁਰਨਾਇਬ ਸਿੰਘ ਬਰਾੜ ਸਾਬਕਾ ਮੰਤਰੀ, ਚਮਕੌਰ ਸਿੰਘ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਿਰੋਜ਼ਪੁਰ, ਕੋਸ਼ਲ ਕੁਮਾਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਾਜ਼ਿਲਕਾ, ਅਨੂਮੀਤ ਸਿੰਘ ਸੋਢੀ, ਵਿਜੈ ਕਾਲੜਾ, ਸਤਕਾਰ ਕੌਰ, ਕੁਲਬੀਰ ਜੀਰਾ, ਅਨੂਪ ਸਿੰਘ, ਊਸ਼ਾ ਚੋਪੜਾ, ਰਵੀ ਦੱਤ ਚਾਵਲਾ, ਬਲਵਿੰਦਰ ਕੌਲ, ਵੇਦ ਪ੍ਰਕਾਸ਼, ਰਾਜ ਬਖਸ਼ੀ ਜੋਸਨ, ਰਜਿੰਦਰ ਛਾਬੜਾ, ਗੁਰਮੀਤ ਸ਼ੀਰਾ, ਅਸ਼ੋਕ ਕਥੂਰੀਆ, ਮਵਿੰਦਰ ਮਦਨ, ਪੂਰਨ ਚੰਦ ਮੌਜੇਦੀਆ, ਹਰਿੰਦਰ ਢੀਂਡਸਾ, ਰਜਿੰਦਰ ਸ਼ਰਮਾ ਵੀ ਮੌਜੂਦ ਸਨ।

WRITTEN BY