ਉਹ ਇਕ ਖਾਂਦੇ ਪੀਂਦੇ ਘਰ ਦੀ ਕੁੜੀ ਸੀ। ਅਮੀਰ ਮਾਪਿਆਂ ਨੇ ਆਪਣੀ ਧੀ ਨੂੰ ਬੜੇ ਚਾਅ ਅਤੇ ਲਾਡ ਨਾਲ ਪਾਲਿਆ ਸੀ। ਚੰਗੇ ਸਕੂਲ ਅਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਉਹ ਯੂਨੀਵਰਸਿਟੀ ਗਈ। ਉਸ ਨੇ ਅੰਗਰੇਜ਼ੀ ਸਾਹਿਤ ਦੀ ਐਮ.ਏ. ਵਿੱਚ ਦਾਖਲਾ ਲਿਆ ਸੀ। ਉਸ ਨੂੰ ਸਾਹਿਤ ਪੜ੍ਹਣ ਦਾ ਸ਼ੌਂਕ ਸੀ ਅਤੇ ਹੁਣ ਤਾਂ ਸਾਹਿਤ ਉਸ ਦੀ ਪੜ੍ਹਾਈ ਦਾ ਹਿੱਸਾ ਬਣ ਚੁੱਕਿਆ ਸੀ। ਜਿੱਥੇ ਉਹ ਸਾਹਿਤ ਦੀ ਵਿਦਿਆਰਥਣ ਸੀ ਉਥੇ ਉਹ ਮਨ ਹੀ ਮਨ ਵਿੱਚ ਨਾਵਲਾਂ ਦੇ ਪਾਤਰਾਂ ਨੂੰ ਹਕੀਕਤ ਵਿੱਚ ਜਿਉਣ ਦਾ ਯਤਨ ਕਰਨ ਲਗਦੀ। ਸ਼ਕਲ ਸੂਰਤ ਪੱਖੋਂ ਵੀ ਉਹ ਆਮ ਕੁੜੀਆਂ ਤੋਂ ਜ਼ਿਆਦਾ ਖੂਬਸੂਰਤ ਸੀ। ਆਪਣੇ ਕਣਕ ਭਿੰਨੇ ਰੰਗ ਦੇ ਬਾਵਜੂਦ ਉਸ ਦੀ ਸਖਸ਼ੀਅਤ ਹਰ ਮਿਲਣ ਵਾਲੇ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੀ ਸੀ। ਸ਼ਾਇਦ ਇਸੇ ਕਾਰਨ ਉਸ ਦਾ ਇਕ ਜਮਾਤੀ ਉਸ ਵੱਲ ਖਿਚਿਆ ਚੱਲਿਆ ਗਿਆ। ਸ਼ੁਰੂ-ਸ਼ੁਰੂ ਵਿੱਚ ਤਾਂ ਉਸ ਨੇ ਦੂਰੀ ਬਣਾਈ ਰੱਖੀ ਪਰ ਆਖ਼ਰ ਉਹ ਮੁੰਡਾ ਆਪਣੀਆਂ ਮਿੱਠੀਆਂ ਗੱਲਾਂ ਨਾਲ ਉਸ ਨੂੰ ਮੋਹਿਤ ਕਰਨ ਵਿੱਚ ਕਾਮਯਾਬ ਹੋ ਗਿਆ। ਉਹ ਦੋਵੇਂ ਮੁਹੱਬਤ ਦੀ ਡੋਰ ਵਿੱਚ ਬੰਨ੍ਹੇ ਗਏ। ਦਿਨ ਬੀਤਣ ਲੱਗੇ। ਉਨ੍ਹਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵੱਧ ਦਾ ਗਿਆ। ਉਹ ਸ਼ਹਿਰ ਦੀ ਇਕ ਚੰਗੇ ਅਤੇ ਸਤਿਕਾਰਤ ਪਰਿਵਾਰ ਦੀ ਧੀ ਹੋਣ ਕਾਰਨ ਆਲੇ-ਦੁਆਲੇ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਤਾਂ ਪਹਿਲਾਂ ਹੀ ਸੀ ਪਰ ਹੁਣ ਉਸ ਦੇ ਇਸ਼ਕ ਦੇ ਕਿੱਸੇ ਉਡਣ ਲੱਗੇ।
ਇਸ ਗੱਲ ਦੀ ਕਨਸੋਅ ਉਸ ਦੇ ਪਿਤਾ ਅਤੇ ਭਰਾਵਾਂ ਕੋਲ ਪਹੁੰਚ ਗਈ। ਉਨ੍ਹਾਂ ਕੁੜੀ ਨੂੰ ਪਿਆਰ ਨਾਲ ਸਮਝਾਇਆ ਅਤੇ ਕਹਿਣ ਲੱਗੇ ਕਿ ਜਾਤ ਬਰਾਦਰੀ ਤੋਂ ਬਾਹਰ ਜਾ ਕੇ ਪ੍ਰੇਮ ਵਿਆਹ ਘੱਟ ਹੀ ਸਫ਼ਲ ਹੁੰਦੇ ਹਨ ਪਰ ਉਹ ਜਿੱਦ ’ਤੇ ਅੜੀ ਰਹੀ। ਉਸ ਦੀ ਜਿੱਦ ਅੱਗੇ ਘਰ ਵਾਲੇ ਝੁੱਕ ਗਏ ਅਤੇ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ। ਵੱਧ ਤੋਂ ਵੱਧ ਦਾਜ ਦਿੱਤਾ ਗਿਆ। ਵਿਆਹ ਦੇ ਪਹਿਲੇ ਤਿੰਨ ਸਾਲਾਂ ਵਿੱਚ ਦੋ ਬੱਚੇ ਹੋ ਗਏ। ਉਹ ਬੱਚਿਆਂ ਨੂੰ ਸੰਭਾਲਣ ਲੱਗੀ ਅਤੇ ਉਸ ਦਾ ਪ੍ਰੇਮੀ ਹੌਲੀ-ਹੌਲੀ ਉਸ ਤੋਂ ਦੂਰ ਹੋਣ ਲੱਗਾ। ਦਰਅਸਲ ਉਸ ਨੇ ਕਿਸੇ ਹੋਰ ਕੁੜੀ ਨਾਲ ਪਿਆਰ ਪੀਂਘ ਪਾ ਲਈ ਸੀ। ਘਰ ਵਿੱਚ ਕਲੇਸ਼ ਰਹਿਣ ਲੱਗਾ। ਬੱਚਿਆਂ ਦੀ ਪਰਵਿਰਸ਼ ’ਤੇ ਅਸਰ ਪੈਣ ਲੱਗਾ। ਜਦੋਂ ਕਾਟੋ ਕਲੇਸ਼ ਜ਼ਿਆਦਾ ਵੱਧ ਗਿਆ ਅਤੇ ਗੱਲ ਤਲਾਕ ਤੱਕ ਪਹੁੰਚ ਗਈ। ਕਚਹਿਰੀਆਂ ਤੋਂ ਬਾਹਰ ਹੀ ਤਲਾਕ ਹੋ ਗਿਆ। ਉਹ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਆਪਣੇ ਮਾਪਿਆਂ ਦੇ ਘਰ ਆ ਗਈ। ਪਰ ਇਹ ਉਸ ਦੇ ਦੁੱਖਾਂ ਦਾ ਅੰਤ ਨਹੀਂ ਸੀ। ਹੁਣ ਇਕ ਪਾਸੇ ਬੱਚੇ ਵੱਡੇ ਹੋ ਰਹੇ ਸਨ। ਦੂਜੇ ਪਾਸੇ ਦੋਵੇਂ ਭਰਜਾਈਆਂ ਦੇ ਤਾਹਨੇ ਮਹਿਣੈ ਉਸ ਦੇ ਜੀਵਨ ਨੂੰ ਦੁਭਰ ਕਰ ਰਹੇ ਸਨ। ਉਸ ਨੇ ਕਈ ਵਾਰ ਆਤਮ ਹੱਤਿਆ ਕਰਨ ਬਾਰੇ ਸੋਚਿਆ ਪਰ ਬੱਚਿਆਂ ਨੂੰ ਵੇਖਕੇ ਇਰਾਦਾ ਤਿਆਗ ਦਿੰਦੀ ਸੀ। ਇਨ੍ਹਾਂ ਦਿਨਾਂ ਵਿੱਚ ਉਸ ਦੀ ਮੇਰੇ ਨਾਲ ਮੁਲਾਕਾਤ ਹੋਈ। ਉਸ ਨੇ ਆਪਣਾ ਦੁਖ ਦਰਦ ਮੇਰੇ ਨਾਲ ਸਾਂਝਾ ਕੀਤਾ ਅਤੇ ਆਪਣੇ ਮਨ ਦੀ ਢਹਿੰਦੀ ਕਲਾ ਵਾਲੀ ਹਾਲਤ ਬਾਰੇ ਬੇਝਿੱਜਕ ਦਸਿਆ। ਮੈਂ ਉਸ ਨੂੰ ਸਲਾਹ ਦਿੱਤੀ ਕਿ ਤੂੰ ਪਿਤਾ ਤੋਂ ਥੋੜ੍ਹੇ ਪੈਸੇ ਲੈ ਕੇ ਸਕੂਲ ਖੋਲ੍ਹ ਲੈ। ਤੂੰ ਪੜ੍ਹੀ ਲਿਖੀ ਐਂ। ਜੋ ਹੋਣਾ ਸੀ ਹੋ ਗਿਆ ਹੁਣ ਤੂੰ ਸਕਾਰਤਮਕ ਬਣਕੇ ਸੋਚ। ਬੱਚਿਆਂ ਦੀ ਜ਼ਿੰਦਗੀ ਬਾਰੇ ਸੋਚ। ਅੱਜ ਤਾਂ ਤੇਰੇ ਮਾਂ-ਪਿਉ ਜਿਊਂਦੇ ਹਨ ਪਰ ਸਦਾ ਲਈ ਤਾਂ ਕਿਸੇ ਨੇ ਨਹੀਂ ਬੈਠੇ ਰਹਿਣਾ। ਤੈਨੂੰ ਕੁਝ ਕੰਮ ਕਰਨਾ ਚਾਹੀਦੈ ਅਤੇ ਸਕੂਲ ਤੇਰੇ ਲਈ ਸਭ ਤੋਂ ਵਧੀਆ ਕੰਮ ਹੈ।’’
ਉਸ ਨੇ ਮੇਰੀ ਸਲਾਹ ਮੰਨ ਲਈ ਅਤੇ ਸਕੂਲ ਖੋਲ੍ਹ ਲਿਆ। ਉਸ ਨੇ ਬੜੀ ਮਿਹਨਤ ਕੀਤੀ। ਘਰ-ਘਰ ਜਾ ਕੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਅਤੇ ਬੱਚਿਆਂ ਦੇ ਦਾਖਲੇ ਲਈ ਪੰਚਾਇਤਾਂ ਕੋਲ ਪਹੁੰਚ ਕੀਤੀ। ਸਕੂਲ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦਿੱਤਾ। ਦਿਨਾਂ ਵਿੱਚ ਸਕੂਲ ਚਲ ਨਿਕਲਿਆ। ਚੰਗੇ ਨਤੀਜੇ ਦੇਣ ਕਾਰਨ ਸਕੂਲ ਦੀ ਵਿਸ਼ਵਾਸਯੋਗਤਾ ਬਣ ਗਈ। ਹੁਣ ਉਸ ਦੇ ਸਕੂਲ ਵਿੱਚ 60 ਅਧਿਆਪਕ ਪੜ੍ਹਾ ਰਹੇ ਹਨ।
ਜਿਹੜੀ ਔਰਤ ਉਦਾਸੀ ਦੇ ਆਲਮ ਵਿੱਚ ਖੁਦਕੁਸ਼ੀ ਦੇ ਰਾਹ ਪੈ ਰਹੀ ਸੀ ਅੱਜ ਉਹ ਕਿੰਨੇ ਹੀ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ। ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾ ਰਹੀ ਹੈ। ਹੁਣ ਉਸ ਦੀ ਜ਼ਿੰਦਗੀ ਦਾ ਇਕ ਮਨੋਰਥ ਹੈ। ਹੁਣ ਉਸ ਨੂੰ ਪਲ-ਪਲ ਦੀ ਕੀਮਤ ਪਤਾ ਹੈ। ਉਸ ਦੇ ਆਪਣੇ ਬੱਚੇ ਵੀ ਉਸ ਨਾਲ ਹੱਥ ਵਟਾ ਰਹੇ ਹਨ। ਸਮਾਜ ਵਿੱਚ ਉਸ ਦਾ ਬਹੁਤ ਸਤਿਕਾਰ ਹੈ। ਇਹ ਸਭ ਕੁਝ ਕਿਉਂ ਸੰਭਵ ਹੋਇਆ ਸਿਰਫ ਇਸ ਕਰਕੇ ਕਿ ਉਸ ਨੇ ਆਪਣੇ ਦ੍ਰਿਸ਼ਟੀਕੌਣ ਨੂੰ ਬਦਲਿਆ। ਆਪਣੀ ਸੋਚ ਸਕਾਰਤਮਕ ਬਣਾਈ ਅਤੇ ਆਪਣੀ ਜ਼ਿੰਦਗੀ ਦਾ ਇਕ ਵੱਡਾ ਮਨੋਰਥ ਬਣਾਇਆ। ਜਦੋਂ ਤੁਹਾਡੇ ਕੋਲ ਕੋਈ ਵੱਡਾ ਮਨੋਰਥ ਅਤੇ ਉਦੇਸ਼ ਹੋਵੇ ਤਾਂ ਤੁਸੀਂ ਕੁਝ ਵੱਡਾ ਕਰਨ ਦੇ ਸਮਰੱਥ ਹੁੰਦੇ ਹੋ। ਜੇ ਤੁਹਾਡੇ ਕੋਲ ਜ਼ਿੰਦਗੀ ਦੇ ਕਿਸੇ ਮੋੜ ’ਤੇ ਅਜਿਹੀ ਗਲਤੀ ਹੋ ਗਈ ਤਾਂ ਇਸ ਦਾ ਇਹ ਮਤਲੱਬ ਉਕਾ ਹੀ ਨਹੀਂ ਕਿ ਜ਼ਿੰਦਗੀ ਖ਼ਤਮ ਹੋ ਗਈ। ਹਾਂ, ਜੇ ਤੁਹਾਡੇ ਕੋਲ ਸਰਮਾਇਆ ਨਹੀਂ, ਸਿੱਖਿਆ ਨਹੀਂ ਤਾਂ ਵੀ ਜ਼ਿੰਦਗੀ ਵਿੱਚ ਕਰਨ ਲਈ ਬਹੁਤ ਕੰਮ ਹਨ। ਇਸੇ ਤਰ੍ਹਾਂ ਦੀ ਇਕ ਹੋਰ ਔਰਤ ਕੋਲ ਨਾ ਪੈਸਾ ਸੀ ਅਤੇ ਨਾ ਹੀ ਸਿੱਖਿਆ। ਉਸ ਨੇ ਟਿਫਨ ਸਰਵਿਸ ਸ਼ੁਰੂ ਕਰਕੇ ਨਾ ਸਿਰਫ ਆਪਣੀ ਧੀ ਨੂੰ ਡਾਕਟਰ ਬਣਾਇਆ ਸਗੋਂ ਵੱਡੀ ਜਾਇਦਾਦ ਦੀ ਮਾਲਕ ਬਣੀ। ਸੋ, ਸੂਤਰ ਇਹ ਹੈ ਕਿ ਆਪਣੀ ਜ਼ਿੰਦਗੀ ਨੂੰ ਕਿਸੇ ਵੱਡੇ ਉਦੇਸ਼ ਨਾਲ ਜੋੜੋ ਅਤੇ ਮਿਹਨਤ ਕਰੋ।