May 25, 2026 8:17 pm

ਪੀਣ ਵਾਲੇ ਪਾਣੀ ਨੂੰ ਲੈ ਕੇ ਪਰੇਸ਼ਾਨ ਹਨ ਪਿੰਡ ਰਾਜਗੜ੍ਹ ਕੁੱਬੇ ਦੇ ਲੋਕ

ਮੌੜ ਮੰਡੀ, 11 ਮਾਰਚ (ਰੇਸ਼ਮ ਸਿੰਘ ਕੁੱਬੇ)- ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਪਿੰਡ ਰਾਜਗੜ੍ਹ ਕੁੱਬੇ ਨਿਵਾਸੀਆਂ ਨੇ ਵਾਟਰ ਵਰਕਸ ਦੇ ਮੇਨ ਟੈਂਕ ਦਿਖਾਉਂਦੇ ਹੋਏ ਕਿਹਾ ਕਿ ਪਿੰਡ ਵਾਸੀ ਪੀਣ ਵਾਲੇ ਪਾਣੀ ਨੂੰ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਦੂਸ਼ਿਤ ਪਾਣੀ ਹੀ ਪੀਣ ਲਈ ਮਜਬੂਰ ਹਨ। ਵਾਟਰ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਦੀ ਅਣਗਹਿਲੀ ਕਾਰਨ ਪਿੰਡ ਰਾਜਗੜ ਕੁੱਬੇ ਦੇ ਵਾਟਰ ਵਰਕਸ ਦੇ ਟੁੱਟੇ ਟੈਂਕ ਨੂੰ ਠੀਕ ਨਾ ਕਰਨ ਕਾਰਨ ਪਿੰਡ ਵਾਸੀ ਸ਼ੁੱਧ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਸਮੱਸਿਆ ਸਬੰਧੀ ਸਰਪੰਚ ਗੁਰਪ੍ਰੀਤ ਸਿੰਘ ਧਾਲੀਵਾਲ, ਪੰਚ ਸੁਖਪਾਲ ਸਿੰਘ, ਜਗਸੀਰ ਸਿੰਘ, ਮੱਖਣ ਸਿੰਘ, ਨਛੱਤਰ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ, ਜਸਵੰਤ ਸਿੰਘ ਫੌਜੀ ਆਦਿ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪ੍ਰਤੀ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਪਿੰਡ ਰਾਜਗੜ੍ਹ ਕੁੱਬੇ ਦੀ 5 ਹਜ਼ਾਰ ਦੇ ਕਰੀਬ ਅਬਾਦੀ ਹੈ ਅਤੇ ਪਿੰਡ ਅੰਦਰ ਧਰਤੀ ਹੇਠਲਾ ਪਾਣੀ ਪੀਣਯੋਗ ਨਹੀ ਹੈ , ਜਿਸ ਕਾਰਨ ਪਿੰਡ ਵਾਸੀ ਵਾਟਰ ਵਰਕਸ ਦੇ ਪਾਣੀ ਤੇ ਹੀ ਨਿਰਭਰ ਹਨ। ਪ੍ਰੰਤੂ ਵਾਟਰ ਵਰਕਸ ਦੇ ਟੈਂਕ ਦੀ 80 ਫੁੱਟ ਕੰਧ ਡਿੱਗੀ ਨੂੰ ਕਰੀਬ ਚਾਰ ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ। ਪੰਚਾਇਤ ਵਲੋਂ ਪਿਛਲੇ ਚਾਰ ਮਹੀਨੇ ਤੋਂ ਹੀ ਵਾਟਰ ਸਪਲਾਈ ਦੇ ਐਸ.ਡੀ.ਓ. ਅਤੇ ਜੇ.ਈ. ਦੇ ਦਫ਼ਤਰਾਂ ਦੇ ਚੱਕਰ ਕੱਢ ਰਹੇ ਹਾਂ ਪ੍ਰੰਤੂ ਉਹਨਾਂ ਵਲੋਂ ਸਾਡੀ ਕੋਈ ਸੁਣਵਾਈ ਨਹੀ ਕੀਤੀ ਜਾ ਰਹੀ। ਜਿਸ ਕਾਰਨ ਪਿੰਡ ਵਾਸੀ ਧਰਤੀ ਹੇਠਲੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਉਹਨਾਂ ਇਹ ਵੀ ਕਿਹਾ ਕਿ ਅਸੀਂ ਪਿੰਡ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਵੀ ਮਿਲ ਕੇ ਸਮੱਸਿਆ ਦੱਸੀ ਸੀ, ਜਿਸ ਤੇ ਉਹਨਾਂ ਨੇ ਅਧਿਕਾਰੀਆਂ ਨੂੰ ਸਮੱਸਿਆ ਦਾ ਹੱਲ ਕਰਨ ਲਈ ਕਿਹਾ, ਪ੍ਰੰਤੂ ਫਿਰ ਵੀ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀ ਸਰਕੀ , ਜਿਸ ਕਾਰਨ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਮਜ਼ਬੂਰੀ ਵੱਸ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਸਬੰਧੀ ਸਰਪੰਚ ਗੁਰਪ੍ਰੀਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਵਾਟਰ ਵਰਕਸ ਘਾਟੇ ਦਾ ਸੌਦਾ ਹੋਣ ਕਾਰਨ ਪੰਚਾਇਤ ਦੇ ਪੱਲੇ ਪਾ ਦਿੱਤਾ ਸੀ ਪ੍ਰੰਤੂ ਪੰਚਾਇਤ ਨੂੰ ਵਾਟਰ ਵਰਕਸ ਤੋ ਆਮਦਨ ਘੱਟ ਅਤੇ ਖਰਚਾ ਜ਼ਿਆਦਾ ਹੋਣ ਕਾਰਨ ਦੁਬਾਰਾ ਟੈਂਕ ਬਣਾਉਣੇ ਪੰਚਾਇਤ ਦੇ ਵੱਸ ਦੀ ਗੱਲ ਨਹੀ ਰਹੀ। ਇਸ ਸਬੰਧੀ ਜਦੋਂ ਵਿਭਾਗ ਦੇ ਜੇ.ਈ.ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਦੇ ਅਧੀਨ ਪਿੰਡ ਦਾ ਵਾਟਰ ਵਰਕਸ ਪੰਚਾਇਤ ਹਵਾਲੇ ਹੈ। ਜਿਸ ਕਾਰਨ ਉਸ ਦੀ ਦੇਖ ਰੇਖ ਦੀ ਜਿੰਮੇਵਾਰੀ ਪੰਚਾਇਤ ਦੀ ਹੈ ਅਤੇ ਇਸ ਦੇ ਬਿਲਾਂ ਦੀ ਵਸੂਲੀ ਵੀ ਪੰਚਾਇਤ ਹੀ ਕਰਦੀ ਹੈ।

Send this to a friend