May 25, 2026 10:33 pm

ਬੈਂਕ ਰਿਕਵਰੀ ਮਾਮਲਿਆਂ ਨਾਲ਼ ਸਬੰਧਤ ਲੋਕ ਅਦਾਲਤ ਨੇ 40 ਕੇਸਾਂ ਦਾ ਕੀਤਾ ਨਿਪਟਾਰਾ

ਰੂਪਨਗਰ, 10 ਮਾਰਚ (ਲੱਕੀ ਰਾਜਪੂਤ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਏ ਐਸ ਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਿਲਾ ਅਦਾਲਤਾਂ ਰੂਪਨਗਰ ਵਿਖੇ ਜਿਲਾ ਅਤੇ ਸ਼ੈਸ਼ਨ ਜੱਜ ਸ਼੍ਰੀ ਬਲਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿੱਚ ਰੂਪਨਗਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੁੱਲ 03 ਬੈਂਚ ਲਗਾਏ ਗਏ ਜਿਹਨਾਂ ਵੱਲੋਂ ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਕੁੱਲ 40 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ ਅਤੇ 67 ਲੱਖ 66 ਹਜ਼ਾਰ 735 ਰੁਪਏ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ।
ਇਸ ਮੌਕੇ ਸ਼੍ਰੀ ਅਜੀਤਪਾਲ ਸਿੰਘ ਸੀ ਜੇ ਐਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਲੋਕ ਅਦਾਲਤ ਲਗਾਈ ਗਈ ਹੈ ਜਿਸ ਵਿੱਚ ਬੈਂਕ ਰਿਕਵਰੀ ਮਾਮਲਿਆਂ ਨਾਂਲ਼ ਸਬੰਧਤ ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ । ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੰਬਤ ਮਾਮਲੇ ਲੋਕ ਅਦਾਲਤਾਂ ਰਾਹੀਂ ਸੁਲਝਾਏ ਜਾਣ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਲੋਕ ਅਦਾਲਤਾਂ ਰਾਹੀਂ ਸਸਤਾ ਅਤੇ ਟਿਕਾਊ ਨਿਆਂ ਪ੍ਰਾਪਤ ਹੁੰਦਾ ਹੈ ਅਤੇ ਲੋਕ ਅਦਾਲਤ ਦੇ ਅਵਾਰਡ ਦੀ ਅੱਗੇ ਅਪੀਲ ਨਹੀਂ ਹੁੰਦੀ ਅਤੇ ਲੋਕ ਅਦਾਲਤਾਂ ਰਾਹੀਂ ਕੀਤੇ ਗਏ ਫੈਸਲੇ ਸਥਾਈ ਹੁੰਦੇ ਹਨ ਅਤੇ ਇਸ ਤੋਂ ਇਲਾਵਾ ਲੋਕ ਅਦਾਲਤਾਂ ਦੇ ਫੈਸਲੇ ਸਮਾਜ ਵਿੱਚ ਕੁੜੱਤਣ ਨੂੰ ਦੂਰ ਕਰਕੇ ਭਾਈਚਾਰਕ ਸਾਂਝ ਨੂੰ ਵਧਾਉਂਦੇ ਹਨ। ਉਹਨਾਂ ਨੇ ਲੋਕਾਂ ਨੂੰ ਲੋਕ ਅਦਾਲਤ ਦਾ ਵੱਧ ਤੋਂ ਫਾਇਦਾ ਉਠਾਉਣ ਦੀ ਅਪੀਲ ਕੀਤੀ। ਅਖੀਰ ਵਿੱਚ ਸ਼੍ਰੀ ਅਜੀਤਪਾਲ ਸਿੰਘ ਸੀ ਜੇ ਐਮ-ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਜੀ ਨੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਨਾਲ਼ ਸਬੰਧੀ ਕਿਸੇ ਕਿਸਮ ਦੀ ਜਾਣਾਕਰੀ ਲਈ ਕਿਸੇ ਸਮੇਂ ਵੀ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।ਆਮ ਲੋਕਾਂ ਵੱਲੋਂ ਲੋਕ ਅਦਾਲਤ ਦੇ ਆਯੋਜਨ ਦੀ ਭਰਪੂਰ ਸਲਾਘਾ ਕੀਤੀ ਗਈ। ਉਹਨਾ ਇਹ ਵੀ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ 14 ਅਪ੍ਰੈਲ ਨੂੰ ਲਗਾਈ ਜਾਵੇਗੀ।

Send this to a friend