ਸਮਰਾਲਾ ’ਚ ਹੋਰ ਟਰੇਨਾਂ ਰੁਕਣ ਦੀ ਵਿਵਸਥਾ ਵੀ ਜਲਦੀ ਕੀਤੀ ਜਾਵੇਗੀ : ਜੀ.ਐਮ. ਚੋਭੇ

ਸਮਰਾਲਾ, 9 ਮਾਰਚ (ਕਮਲਜੀਤ)- ਅੱਜ ਸਥਾਨਕ ਰੇਲਵੇ ਸਟੇਸ਼ਨ ’ਤੇ ਉਤਰੀ ਰੇਲਵੇ ਦੇ ਜੀ. ਐਮ. ਵਿਸ਼ਵੇਸ਼ ਚੋਭੇ ਆਪਣੇ ਵਿਸ਼ੇਸ਼ ਦੌਰੇ ਦੌਰਾਨ ਪੁੱਜੇ, ਜਿੱਥੇ ਉਨ੍ਹਾਂ ਦਾ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਐਸ. ਐਸ. ਬੋਰਡ ਜਥੇ: ਸੰਤਾ ਸਿੰਘ ਉਮੈਦਪੁਰੀ, ਸਾਬਕਾ ਪ੍ਰਧਾਨ ਗਿ. ਮਹਿੰਦਰ ਸਿੰਘ ਭੰਗਲਾਂ ਅਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਰੇਲਵੇ ਸਟੇਸ਼ਨ ਪਹੁੰਚਦੇ ਹੀ ਜੀ. ਐਮ. ਵਿਸ਼ਵੇਸ਼ ਚੋਭੇ ਵੱਲੋਂ ਅੰਬ ਦਾ ਬੂਟਾ ਲਗਾ ਕੇ ਸਾਰੇ ਰੇਲਵੇ ਸਟੇਸ਼ਨਾਂ ਨੂੰ ਹਰਿਆ-ਭਰਿਆ ਬਣਾਉਣ ਦੇ ਨਿਰਦੇਸ਼ ਦਿੱਤੇ। ਉਪਰੰਤ ਉਨ੍ਹਾਂ ਪੂਰੇ ਰੇਲਵੇ ਸਟੇਸ਼ਨ ਦਾ ਨਿਰੀਖਣ ਸ਼ੁਰੂ ਕੀਤਾ ਅਤੇ ਰੇਲਵੇ ਸਟੇਸ਼ਨ ਦੇ ਚਾਰੇ ਪਾਸੇ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਤੇ ਫਲਦਾਰ ਬੂਟਿਆਂ ਨੂੰ ਨਿਹਾਰਿਆ, ਜਿਨ੍ਹਾਂ ਨੂੰ ਦੇਖ ਕੇ ਉਹ ਖੁਸ਼ੀ ਨਾਲ ਗਦਗਦ ਹੋ ਗਏ। ਰੇਲਵੇ ਸਟੇਸ਼ਨ ਨੂੰ ਹਰਿਆ-ਭਰਿਆ ਬਣਾਉਣ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਲਈ ਵਾਤਾਵਰਨ ਪ੍ਰੇਮੀ ਸੰਸਥਾ ਹਾਕੀ ਕਲੱਬ ਸਮਰਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਤੇ ਉਨ੍ਹਾਂ ਦੀ ਟੀਮ ਨੂੰ ਜੀ. ਐਮ. ਵਿਸ਼ਵੇਸ਼ ਮਿਲੇ ਅਤੇ ਰੇਲਵੇ ਸਟੇਸ਼ਨ ਨੂੰ ਹਰਿਆਵਲ ਨਾਲ ਲੈਸ ਕਰਨ ਲਈ ਧੰਨਵਾਦ ਕੀਤਾ ਅਤੇ ਅੱਗੋਂ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਲਈ ਕਿਹਾ। ਇਸ ਮੌਕੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਥੇ: ਸੰਤਾ ਸਿੰਘ ਉਮੈਦਪੁਰੀ ਅਤੇ ਹਾਕੀ ਕਲੱਬ ਸਮਰਾਲਾ ਸਮੇਤ ਇਲਾਕੇ ਦੀਆਂ ਭਰਾਤਰੀ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਮੰਗ ਪੱਤਰ ਜੀ. ਐਮ. ਵਿਸ਼ਵੇਸ਼ ਚੋਭੇ ਨੂੰ ਦਿੱਤੇ ਗਏ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਇੱਥੋਂ ਗੁਜ਼ਰਨ ਵਾਲੀਆਂ ਦੋ ਪ੍ਰਮੁੱਖ ਟਰੇਨਾਂ ਚੰਡੀਗੜ੍ਹ-ਅੰਮ੍ਰਿਤਸਰ ਅਤੇ ਕਾਲਕਾ-ਕਟੜਾ ਦੇ ਰੁਕਣ ਦੀ ਵਿਵਸਥਾ ਕੀਤੇ ਜਾਣ ਬਾਰੇ ਕਿਹਾ ਗਿਆ ਹੈ। ਇਸਦੇ ਨਾਲ ਹੀ ਇਹ ਜ਼ੋਰਦਾਰ ਮੰਗ ਵੀ ਉਠਾਈ ਗਈ ਕਿ ਸਵੇਰ ਸਮੇਂ ਲੋਕਲ ਪੇਸੈਂਜਰ ਟਰੇਨ ਵੀ ਚਲਾਈ ਜਾਵੇ ਤਾਂ ਜੋ ਕੰਮ-ਕਾਜੀ ਲੋਕ ਅਤੇ ਵਿਦਿਆਰਥੀ ਵਰਗ ਇਸਦਾ ਫਾਇਦਾ ਲੈ ਸਕਣ। ਜੀ. ਐਮ. ਵਿਸ਼ਵੇਸ਼ ਚੋਭੇ ਦੁਆਰਾ ਸਭ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਇਨ੍ਹਾਂ ਗੰਭੀਰ ਮੰਗਾਂ ’ਤੇ ਵਿਚਾਰ ਕੀਤੀ ਜਾਵੇਗੀ ਅਤੇ ਸੰਭਵ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪੁੱਜੇ ਅੰਬਾਲਾ ਡਵੀਜ਼ਨ ਦੇ ਮੈਨੇਜਰ ਡੀ. ਕੇ. ਸ਼ਰਮਾ ਵੱਲੋਂ ਵੀ ਸਮਰਾਲਾ ਦੇ ਲਾਮਿਸਾਲ ਸਟੇਸ਼ਨ ਦੀ ਤਾਰੀਫ਼ ਕੀਤੀ ਅਤੇ ਰਹਿੰਦੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਵੀ ਨਿਰਦੇਸ਼ ਦਿੱਤੇ। ਰੇਲਵੇ ਸਟੇਸ਼ਨ ਸਮਰਾਲਾ ਦੀ ਸਫ਼ਾਈ ਅਤੇ ਹਰਿਆਲੀ ਤੋਂ ਪ੍ਰਭਾਵਿਤ ਹੋ ਕੇ ਉਤਰੀ ਰੇਲਵੇ ਦੇ ਜੀ. ਐਮ. ਵਿਸ਼ਵੇਸ਼ ਚੋਭੇ ਦੁਆਰਾ ਰੇਲਵੇ ਸਟੇਸ਼ਨ ਸਮਰਾਲਾ ਨੂੰ ਸਪੈਸ਼ਲ ਐਵਾਰਡ ਦੇਣ ਦੀ ਘੋਸ਼ਣਾ ਕੀਤੀ। ਸਮਰਾਲਾ ਸਟੇਸ਼ਨ ਦੇ ਸੁਪਰਡੈਂਟ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਜੀ. ਐਮ. ਦੁਆਰਾ ਇਹ ਐਵਾਰਡ ਸਾਰੇ ਸਟੇਸ਼ਨਾਂ ਤੋਂ ਸਾਫ਼ ਰੇਲਵੇ ਸਟੇਸ਼ਨ ਰੱਖੇ ਜਾਣ ਦੇ ਬਦਲੇ ਮਿਲਿਆ ਹੈ, ਉਹ ਇਸ ਰੇਲਵੇ ਸਟੇਸ਼ਨ ਨੂੰ ਅੱਗੋਂ ਵੀ ਇਸੇ ਤਰ੍ਹਾਂ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਤਤਪਰ ਰਹਿਣਗੇ। ਇਸ ਸਮੇਂ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਬਾਬਾ ਜਗਰੂਪ ਸਿੰਘ ਸਾਹਨੇਵਾਲ, ਕੌਂਸਲਰ ਸਨੀ ਦੂਆ, ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਕੌਂਸਲਰ ਸੁਰਿੰਦਰ ਸਿੰਘ ਟਿਵਾਣਾ, ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਰੁਪਿੰਦਰ ਸਿੰਘ ਗਿੱਲ, ਮਨਦੀਪ ਸਿੰਘ ਰਿਐਤ, ਰਣਜੀਤ ਸਿੰਘ ਝੱਲੀ, ਗੁਰਸ਼ਰਨ ਸਿੰਘ, ਕਮਾਂਡੈਂਟ ਰਸ਼ਪਾਲ ਸਿੰਘ, ਪਰਵਿੰਦਰ ਸਿੰਘ ਬੱਲੀ, ਗੁਰਮੇਲ ਸਿੰਘ ਖੁਰਲ, ਪੰ. ਕੇਵਲ ਕ੍ਰਿਸ਼ਨ, ਮਨਜੀਤ ਸਿੰਘ ਮੁੱਤੋਂ, ਸੁਖਵੀਰ ਸਿੰਘ ਪੱਪੀ, ਸਾਬਕਾ ਕੌਂਸਲਰ ਰਣਜੀਤ ਸਿੰਘ, ਮਾ. ਰਾਮ ਰਤਨ, ਸੁਦੇਸ਼ ਸ਼ਰਮਾ, ਜੁਗਲ ਕਿਸ਼ੋਰ ਸਾਹਨੀ, ਸ਼ੰਕਰ ਕਲਿਆਣ, ਬਲਜੀਤ ਸਿੰਘ ਢਿੱਲੋਂ, ਲਬੀ ਢਿੱਲੋਂ ਸਮੇਤ ਇਲਾਕੇ ਦੀਆਂ ਵੱਖ-ਵੱਖ ਸਮਾਜਸੇਵੀ, ਧਾਰਮਿਕ, ਖੇਡ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਨੇ ਵੀ ਸ਼ਿਰਕਤ ਕੀਤੀ।

Send this to a friend