ਫਰੀਦਕੋਟ, 8 ਮਾਰਚ (ਗੁਰਜੀਤ ਰੋਮਾਣਾ)-ਜ਼ਿਲ੍ਹਾ ਪਧਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਥੀਮ “ ਪੰਖ ਮਾਰ ਉਡਾਰੀ ” ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਮੈਡਮ ਵਧੀਕ ਸਹਾਇਕ ਕਮਿਸ਼ਨਰ ਮਿਸ ਇਨਾਯਤ ਵਲੋਂ ਕੀਤੀ ਗਈ। ਇਸ ਮੌਕੇ ਮਿਸ ਅਨਾਇਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤ ਕਿਸੇ ਤੇ ਨਿਰਭਰ ਨਹੀਂ ਹੈ, ਸਗੋ ਸਮਾਜ ਔਰਤ ਤੇ ਨਿਰਭਰ ਹੈ। ਉਹਨਾਂ ਕਿਹਾ ਕਿ ਸਿਖਿਆ ਦਾ ਪ੍ਰਸਾਰ ਔਰਤ ਦੀ ਸਮਾਜ ਵਿਚ ਦਸ਼ਾ ਸੁਧਾਰ ਸਕਦਾ ਹੈ। ਉਹਨਾਂ ਕਿਹਾ ਕਿ ਬਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਅਸੀਂ ਆਪਣੀ ਅਗਲੀ ਪੀੜੀ ਵਿਚੋਂ ਲਿੰਗ ਭੇਦਭਾਵ ਪੂਰੀ ਤਰ੍ਹਾਂ ਖਤਮ ਕਰ ਸਕਦੇ ਹਾਂ। ਉਨ੍ਹਾਂ ਦਸਿਆ ਕਿ ਜਿਲ੍ਹਾ ਫਰੀਦਕੋਟ ਦੇ ਸਾਰੇ ਸਿਵਲ ਹਸਪਤਾਲਾਂ ਅਤੇ ਸਰਕਾਰੀ ਕੰਨਿਆ ਸਕੂਲਾਂ ਵਿਚ ਸੈਨਟਰੀ ਨੈਪਕਿਨ ਵੈਨਡਿੰਗ ਮਸੀਨ ਲਗਾਈਆਂ ਗਈਆਂ ਜਿਨ੍ਹਾਂ ਰਾਹੀਂ ਲੜਕੀਆਂ ਸੈਨਟਰੀ ਪੈਡਸ ਪ੍ਰਾਪਤ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸੈਨਟਰੀ ਪੈਡਸ ਨੂੰ ਨਸ਼ਟ ਕਰਨ ਲਈ ਵੀ ਇਨਸੂਲੇਟਰ ਮਸ਼ੀਨ ਲਗਾਈ ਗਈ ਹੈ।ਇਸ ਮੌਕੇ ਤੇ ਜਿਲ੍ਹਾ ਸਮਾਜਿਕ ਸੁਰਖਿਆ ਅਫਸਰ ਸ੍ਰੀਮਤੀ ਸ਼ਿੰਦਰਪਾਲ ਕੌਰ ਵਲੋਂ ਵੀ ਲੜਕੀਆਂ ਨੂੰ ਸਿਹਤ ਅਤੇ ਸਾਫ ਸਫਾਈ ਸਬੰਧੀ ਜਾਗਰੂਕ ਕੀਤਾ ਗਿਆ। ਇਸੇ ਲੜੀ ਤਹਿਤ ਪਿੰਡ ਅਰਾਈਆਂ ਵਾਲਾ ਵਿਖੇ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਸ਼ਸ਼ਕਤੀਕਰਨ ਦਾ ਸੈਮੀਨਾਰ ਆਯੋਜਨ ਕੀਤਾ ਗਿਆ ਜਿਸ ਵਿਚ ਔਰਤਾਂ ਨੂੰ ਪ੍ਰੋਜੈਕਟ ਪੰਖ ਮਾਰ ਉਡਾਰੀ ਬਾਰੇ ਵਿਸਥਾਰ ਨਾਲ ਦਸਿਆ ਗਿਆ। ਇਸ ਮੌਕੇ ਪ੍ਰਿੰਸੀਪਲ ਸੁਰੇਸ਼ ਅਰੋੜਾ, ਜਿਲ੍ਹਾ ਬਾਲ ਸੁਰਖਿਆ ਅਫਸਰ ਸ੍ਰੀ ਰਿਪਨ ਬੀਰ ਸਿੰਘ ਜੋਸਨ, ਪ੍ਰੋਟੈਕਸ਼ਨ ਅਫਸਰ ਸ੍ਰੀ ਅਮਨਦੀਪ ਸਿੰਘ ਸੋਢੀ ਅਤੇ ਸਮੂਹ ਸਕੂਲ ਸਟਾਫ ਆਦਿ ਹਾਜ਼ਰ ਸਨ।