Skip to content
Independent perspectives. Global stories.
BREAKING

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਗ੍ਰਾਮ ਸੁਵਿਧਾ ਕੇਂਦਰਾਂ ਵਿਖੇ ‘ਚੋਣ ਸੇਵਾਵਾਂ’ ਦਾ ਆਗ਼ਾਜ਼

Share this story

image ਮੋਹਾਲੀ/ਚੰਡੀਗੜ੍ਹ, 6 ਫ਼ਰਵਰੀ ()-ਪੰਜਾਬ ਦੇ ਨਵ ਨਿਯੁਕਤ ਮੁੱਖ ਚੋਣ ਅਫ਼ਸਰ ਸ੍ਰੀ ਵੀ.ਕੇ. ਸਿੰਘ, ਆਈ.ਏ.ਐਸ. ਵੱਲੋਂ ਪਿੰਡ ਤਿਊੜ ਦੇ ਅੱਜ ਗ੍ਰਾਮ ਸੁਵਿਧਾ ਕੇਂਦਰ ਵਿਖੇ ‘ਚੋਣਾਂ ਨਾਲ ਸਬੰਧਤ ਸੇਵਾਵਾਂ’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਤਹਿਤ ਪੰਜਾਬ ਵਿੱਚ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਖਰੜ, ਡੇਰਾ ਬੱਸੀ ਅਤੇ ਮਾਜਰੀ ਬਲਾਕਾਂ ਦੇ 20 ਆਮ ਸੇਵਾ ਕੇਂਦਰਾਂ (ਕਾਮਨ ਸਰਵਿਸ ਸੈਂਟਰਾਂ) ਵਿਖੇ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਥੋਂ ਲੋਕਾਂ ਨੂੰ ਨਵੇਂ ਤੇ ਡੁਪਲੀਕੇਟ ਫ਼ੋਟੋ ਸ਼ਨਾਖ਼ਤੀ ਵੋਟਰ ਕਾਰਡ ਬਣਾਉਣ, ਸੁਧਾਈ ਤੇ ਕਟਾਈ ਕਰਾਉਣ, ਵਾਧਾ ਕਰਾਉਣ, ਇਕੋ ਪਿੰਡ ’ਚ ਦੂਜੀ ਥਾਂ ’ਤੇ ਤਬਦੀਲੀ ਦਾ ਵੇਰਵਾ ਦਰਜ ਕਰਾਉਣ ਦੀ ਸਹੂਲਤ ਮਿਲੇਗੀ ਅਤੇ ਤਹਿਸੀਲ ਤੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਤੋਂ ਆਨਲਾਈਨ ਮਨਜ਼ੂਰੀ ਆਸਾਨੀ ਨਾਲ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ’ਤੇ ਚੋਣਾਂ ਨਾਲ ਸਬੰਧੀ ਫ਼ਾਰਮ ਆਨਲਾਈਨ ਉਪਲਬਧ ਹੋਣਗੇ ਅਤੇ ਲੋਕਾਂ ਨੂੰ ਸਮਾਂਬੱਧ ਤਰੀਕੇ ਨਾਲ ਕੰਮ ਹੋਣ ਨਾਲ ਖੱਜਲ ਖੁਆਰੀ ਤੋਂ ਮੁਕਤੀ ਮਿਲੇਗੀ। ਸ੍ਰੀ ਵੇ.ਕੇ. ਸਿੰਘ ਨੇ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਦੇ ਨਤੀਜਿਆਂ ਪਿੱਛੋਂ ਸਮੱਸਿਆਵਾਂ ਦਾ ਨਿਪਟਾਰਾ ਕਰ ਕੇ ਇਸ ਨੂੰ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਚੋਣ ਸੇਵਾਵਾਂ ਦੇ ਆਨਲਾਈਨ ਹੋਣ ਨਾਲ ਜਾਅਲੀ ਵੋਟਾਂ ਬਣਾਉਣ ਤੋਂ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਚੋਣ ਸੇਵਾਵਾਂ ਦੀ ਪਹਿਲ ਲਈ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀ ਰਮਿੰਦਰ ਸਿੰਘ, ਆਈ.ਏ.ਐਸ., ਜੋ ਉਸ ਸਮੇਂ ਮੁੱਖ ਚੋਣ ਅਫ਼ਸਰ ਦਾ ਕਾਰਜ ਭਾਰ ਵੇਖ ਰਹੇ ਸਨ, ਵੱਲੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੇਂਡੂ ਲੋਕਾਂ ਲਈ ਚੋਣਾਂ ਨਾਲ ਸਬੰਧਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿੱਚ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ (ਫ਼ਾਰਮ-6), ਵੋਟ ਦੀ ਕਟਾਈ (ਫ਼ਾਰਮ-7), ਸੋਧ (ਫ਼ਾਰਮ-8), ਟਰਾਂਸਪੋਜ਼ੀਸ਼ਨ (ਫ਼ਾਰਮ-8-ਏ) ਅਤੇ ਫ਼ੋਟੋ ਸ਼ਨਾਖ਼ਤੀ ਚੋਣ ਪੱਤਰ ਆਦਿ ਸੇਵਾਵਾਂ ਸ਼ਾਮਲ ਹਨ। ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਕੌਮੀ ਈ-ਗਵਰਨੈਂਸ (ਐਨ.ਈ.ਜੀ.ਪੀ.) ਦੇ ਸੀ.ਐਸ.ਸੀ. ਮਿਸ਼ਨ ਮੋਡ ਪ੍ਰਾਜੈਕਟ ਤਹਿਤ ਪੰਜਾਬ ਵਿੱਚ ਕੁਲ 2112 ਗ੍ਰਾਮ ਸੁਵਿਧਾ ਕੇਂਦਰ ਸਫ਼ਲਤਾਪੂਰਵਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵੱਲੋਂ ਪੇਂਡੂ ਖੇਤਰ ਦੇ ਵਸਨੀਕਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਜੀ-ਟੂ-ਸੀ (ਸਰਕਾਰ ਵੱਲੋਂ ਨਾਗਰਿਕਾਂ ਨੂੰ) ਸੇਵਾਵਾਂ ਤਹਿਤ ਆਧਾਰ ਕਾਰਡ, ਬੈਂਕ ਸੇਵਾਵਾਂ, ਕੌਮੀ ਪੈਨਸ਼ਨ ਪ੍ਰਣਾਲੀ, ਪੈਨ ਕਾਰਡ, ਸਟਾਰ ਸਕੀਮ ਅਧੀਨ ਹੁਨਰ ਵਿਕਾਸ ਦੇ ਕੋਰਸਾਂ ਦੀਆਂ ਸੇਵਾਵਾਂ ਆਦਿ ਸ਼ਾਮਲ ਹਨ ਜਦ ਕਿ ਬੀ-ਟੂ-ਸੀ (ਬਿਜ਼ਨਸ ਟੂ ਸਿਟੀਜ਼ਨ) ਸੇਵਾਵਾਂ ਤਹਿਤ ਮੋਬਾਈਲ ਰਿਚਾਰਜ, ਪੋਸਟ ਪੇਡ ਬਿਲਾਂ ਦਾ ਭੁਗਤਾਨ, ਡਿਸ਼ ਟੀ.ਵੀ. ਰਿਚਾਰਜ, ਟਿਕਟਾਂ ਬੁਕ ਕਰਾਉਣ ਦੀ ਸਹੂਲਤ, ਬਿਲਾਂ ਦਾ ਭੁਗਤਾਨ ਅਤੇ ਬੀਮਾ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਈ-ਡਿਸਟ੍ਰਿਕਟ ਮੋਡ ਪ੍ਰਾਜੈਕਟ ਤਹਿਤ ਜੀ-ਟੂ-ਸੀ ਸੇਵਾਵਾਂ ਅਧੀਨ 40 ਹੋਰ ਸੇਵਾਵਾਂ ਅਤੇ ਸਟੇਟ ਸਰਵਿਸ ਡਲਿਵਰੀ ਗੇਟ ਵੇ (ਐਸ.ਐਸ.ਡੀ.ਜੀ.) ਮਿਸ਼ਨ ਮੋਡ ਪ੍ਰਾਜੈਕਟ ਤਹਿਤ ਬੀ-ਟੂ-ਸੀ ਅਧੀਨ 30 ਹੋਰ ਸੇਵਾਵਾਂ ਗ੍ਰਾਮ ਸੁਵਿਧਾ ਕੇਂਦਰਾਂ ਵਿਖੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਗ੍ਰਾਮ ਸੁਵਿਧਾ ਕੇਂਦਰਾਂ ਚੋਣਾਂ ਨਾਲ ਸਬੰਧਤ ਪਾਰਦਰਸ਼ੀ, ਖੱਜਲ ਖੁਆਰੀ ਮੁਕਤ ਅਤੇ ਸਮਾਂਬੱਧ ਸੇਵਾਵਾਂ ਦੀ ਸਹੂਲਤ ਭਾਰਤੀ ਚੋਣ ਕਮਿਸ਼ਨ ਦੇ ਟੀਚੇ ਨੂੰ ਪੂਰਾ ਕਰਨ ਦੀ ਰਾਹ ਵਿੱਚ ਅਹਿਮ ਤੇ ਵੱਡਾ ਕਦਮ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁਟ ਹੋ ਕੇ ਇਸ ਤਜਰਬੇ ਨੂੰ ਕਾਮਯਾਬ ਕਰਨ ਅਤੇ ਸਰਕਾਰ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਵਿਚੋਲਿਆਂ ਨੂੰ ਖ਼ਤਮ ਕਰਨ।

WRITTEN BY