Skip to content
Independent perspectives. Global stories.
BREAKING

ਕੰਡਮ ਗੱਡੀਆਂ ਆਸਰੇ ਨਾਲ ਹੀ ਰਿੜ ਰਿਹੈ ਕੋਟਕਪੂਰੇ ਦਾ ਫਾਇਰ ਸਟੇਸ਼ਨ

Share this story

image ਕੋਟਕਪੂਰਾ, 6 ਫਰਵਰੀ (ਰੋਹਿਤ ਸ਼ਰਮਾ)- ਸਥਾਨਕ ਫਾਇਰ ਬਿਗ੍ਰੇਡ ਦੇ ਕੋਲ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਚੰਗੀ ਕੰਡੀਸ਼ਨ ਦੀਆਂ ਗੱਡੀਆਂ ਨਹੀ ਹਨ ਪਰ ਇਸ ਦੇ ਬਾਵਜੂਦ ਵੀ ਫਾਇਰ ਬਿਗ੍ਰੇਡ ਦਾ ਅਮਲਾ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ। ਫਾਇਰ ਸਟੇਸ਼ਨ ਵਿਚ ਅਮਲੇ ਤੇ ਸਮਾਨ ਦੀ ਘਾਟ ਉਪਰੋਂ ਕੰਡਮ ਗੱਡੀਆਂ ਹੋਣ ਕਰਕੇ ਕਈ ਵਾਰੀ ਅਮਲੇ ਨੂੰ ਅੱਗ ਲੱਗਣ ਦੀ ਘਟਨਾਂ ਮੌਕੇ ਪਹੁੰਚਣ ਤੇ ਲੋੜੀਂਦੇ ਸਮਾਨ ਨਾ ਹੋਣ ਕਰਕੇ ਨਾਮੋਸ਼ੀ ਝੱਲਣੀ ਪੈਂਦੀ ਹੈ। ਅਜਿਹੇ ਹਾਲਾਤਾਂ ਵਿਚ ਅਮਲੇ ਨੂੰ ਆਮ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲੋਕਾਂ ਦੀ ਰੱਖਿਆ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਹਰ ਸਾਲ ਖਰਚ ਕੀਤੇ ਜਾ ਰਹੇ ਹਨ ਪਰ ਸ਼ਹਿਰਾਂ ਅਤੇ ਪਿੰਡਾਂ ਲਈ ਇਸ ਲੋੜੀਂਦੀ ਸੇਵਾ ਉਪਰ ਕੋਈ ਨਿਸ਼ਚਿਤ ਬਜ਼ਟ ਨਹੀ ਦਿੱਤਾ ਜਾ ਰਿਹਾ। ਫਾਇਰ ਸਟੇਸ਼ਨਾਂ ਨੂੰ ਚਲਾਉਣ ਦੀ ਜ਼ਿੰਮੇਵਾਰੀਆਂ ਨਗਰ ਕੌਂਸਲਾਂ ਦੀ ਹੈ ਪਰੰਤੂ ਨਗਰ ਕੌਂਸਲਾਂ ਕੋਲ ਪਹਿਲਾਂ ਹੀ ਆਮਦਨੀ ਦੇ ਸਰੋਤ ਘੱਟ ਹੋਣ ਕਰਕੇ ਉਹ ਆਰਥਿਕ ਤੰਗੀ ਦੇ ਦੌਰ ਵਿਚ ਆਪਣੇ ਦਿਨ ਪੁਗਾ ਰਹੀਆਂ ਹਨ। ਅਜਿਹੇ ਹਾਲਾਤਾਂ ਵਿਚ ਲੋੜੀਂਦੇ ਫ਼ੰਡ ਮਿਲਣ ਕਰਕੇ ਇਹ ਫਾਇਰ ਸਟੇਸ਼ਨ ਹੁਣ ਰੱਬ ਦੇ ਆਸਰੇ ਹੀ ਚੱਲ ਰਹੇ ਹਨ। ਕੋਟਕਪੂਰੇ ਸ਼ਹਿਰ ਦਾ ਇਹ ਫਾਇਰ ਸਟੇਸ਼ਨ ਕਰੀਬ ਚਾਰ ਦਹਾਕੇ ਪਹਿਲਾਂ ਜਦ ਹੌਂਦ ਵਿਚ ਆਇਆ ਸੀ, ਉਸ ਸਮੇਂ ਇਸ ਸ਼ਹਿਰ ਦੀ ਨਗਰ ਕੌਂਸਲ ਪੰਜਾਬ ਦੀਆਂ ਅਮੀਰ ਨਗਰ ਕੌਂਸਲਾਂ ਦੀ ਸ਼੍ਰੇਣੀ ਵਿਚ ਆਉਂਦੀ ਸੀ। ਫਾਇਰ ਸਟੇਸ਼ਨ ਕੋਲ ਉਸ ਸਮੇਂ ਦੋ ਵੱਡੀਆਂ ਗੱਡੀਆਂ ਪੀ. ਏ.ਟੀ.3412 ਮਾਡਲ 1983 ਅਤੇ ਪੀ.ਏ.ਟੀ.9340 ਮਾਡਲ 1985 ਸਨ। ਫ਼ਰੀਦਕੋਟ ਜ਼ਿਲੇ ’ਚ ਇਕਮਾਤਰ ਫਾਇਰ ਸਟੇਸ਼ਨ ਹੋਣ ਕਰਕੇ ਫ਼ਰੀਦਕੋਟ ਅਤੇ ਜੈਤੋ ਦੀਆਂ ਨਗਰ ਕੌਂਸਲਾਂ ਵੀ ਇਸ ਫਾਇਰ ਸਟੇਸ਼ਨ ਦੀਆਂ ਸੇਵਾਵਾਂ ਪ੍ਰਾਪਤ ਕਰਦੀਆਂ ਸਨ। ਇਸ ਫਾਇਰ ਸਟੇਸ਼ਨ ਨੂੰ ਚਲਾਉਣ ਵਿਚ 25-25 ਫੀਸਦੀ ਹਿੱਸੇਦਾਰੀ ਫ਼ਰੀਦਕੋਟ ਅਤੇ ਜੈਤੋ ਨਗਰ ਕੌਂਸਲਾਂ ਵੱਲੋਂ ਪਾਈ ਜਾਣੀ ਬਣਦੀ ਹੈ ਪਰੰਤੂ ਦੋਵੇੋਂ ਨਗਰ ਕੌਂਸਲਾਂ ਆਪਣਾ ਬਣਦਾ ਯੋਗਦਾਨ ਨਹੀ ਦੇ ਰਹੀਆਂ ਹਨ ਤੇ ਸਰਕਾਰ ਵੱਲੋਂ ਇਸ ਫਾਇਰ ਸਟੇਸ਼ਨ ਨੂੰ ਕੋਈ ਮਦਦ ਨਹੀ ਮਿਲੀ। ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਨੇ ਵੀ ਸਰਕਾਰ ਵੱਲੋਂ ਮਿਲੇ ਫ਼ੰਡਾਂ ਵਿਚੋਂ ਫਾਇਰ ਸਟੇਸ਼ਨ ਦੀ ਭਲਾਈ ਕੋਈ ਵੱਖਰਾ ਫ਼ੰਡ ਨਹੀ ਰੱਖਿਆ। ਫ਼ੰਡ ਨਾ ਮਿਲਣ ਇਸ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ। ਫਾਇਰ ਸਟੇਸ਼ਨ ਵਿਚ ਇਸ ਸਮੇਂ ਅੱਗ ਬੁਝਾਉਣ ਲਈ ਲੋੜੀਂੇਦੇ ਸਮਾਨ ਬਿਲਕੁਲ ਖਤਮ ਹਨ। ਹੋਰ ਤਾਂ ਹੋਰ ਕਈ ਵਾਰ ਗੱਡੀਆਂ ਵਿਚ ਤੇਲ ਪੁਆਉਣ ਲਈ ਵੀ ਫਾਇਰ ਸਟੇਸ਼ਨ ਨੂੰ ਫ਼ੰਡ ਨਹੀ ਮਿਲਦਾ। ਨਿਯਮਾਂ ਅਨੁਸਾਰ ਫਾਇਰ ਸਟੇਸ਼ਨ ਵਿਚ ਇਕ ਗੱਡੀ ਲਈ 22 ਮੁਲਾਜ਼ਮਾਂ ਦਾ ਸਟਾਫ ਹੋਣਾ ਜਰੂਰੀ ਹੈ। ਸਟੇਸ਼ਨ ਵਿਚ ਤਿੰਨ ਗੱਡੀਆਂ ਹੋਣ ਕਰਕੇ 66 ਮੁਲਾਜ਼ਮਾਂ ਦਾ ਸਟਾਫ ਹੋਣਾ ਚਾਹੀਦਾ ਹੈ ਪਰੰਤੂ ਇਸ ਸਮੇਂ ਸਟੇਸ਼ਨ ਵਿਚ 10 ਮੁਲਾਜ਼ਮ ਹਨ, ਜਿਨ੍ਹਾਂ ਵਿਚ 7 ਰੈਗੂਲਰ ਅਤੇ ਤਿੰਨ ਨਗਰ ਕੌਂਸਲ ਦੇ ਕਰਮਚਾਰੀ ਹਨ। ਫਾਇਰ ਸਟੇਸ਼ਨ ਵਿਚ ਫਾਇਰ ਅਫਸਰ ਦੀ ਅਸਾਮੀ ਵੀ ਕੁਝ ਸਮੇਂ ਤੋਂ ਖਾਲੀ ਪਈ ਹੋਣ ਕਰਕੇ ਇਸ ਅਸਾਮੀ ਦਾ ਵਾਧੂ ਚਾਰਜ ਫਿਰੋਜਪੁਰ ਦੇ ਫਾਇਰ ਅਫਸਰ ਨੂੰ ਵਾਧੂ ਦਿੱਤਾ ਗਿਆ ਹੈ।
ਇਸ ਬਾਰੇ ਜਦੋਂ ਫਾਇਰ ਅਫਸਰ ਫਿਰੋਜਪੁਰ ਸ਼੍ਰੀ ਗੁਰਬਖਸ਼ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਫਾਇਰ ਸਟੇਸ਼ਨ ਵਿਚ ਦੋ ਗੱਡੀਆਂ ਉਨ੍ਹਾਂ ਦੀ ਤਾਇਨਾਤ ਤੋਂ ਪਹਿਲਾਂ ਅਜਿਹੀ ਸਥਿਤੀ ਵਿਚ ਸਨ ਜਿਨ੍ਹਾਂ ਨੂੰ ਸੜਕਾਂ ਉਪਰ ਨਹੀ ਦੌੜਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਉਹ ਪ੍ਰਸ਼ਾਸਨ ਨੂੰ ਇਸ ਬਾਰੇ ਲਿਖਤੀ ਰੂਪ ਵਿਚ ਭੇਜ ਚੁੱਕੇ ਹਨ ਕਿ ਇਨ੍ਹਾਂ ਗੱਡੀਆਂ ਦੀ ਰਿਪੇਅਰ ਕਰਵਾਉਣ ਜਾਂ ਸਟੇਸ਼ਨ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣ ਪਰ ਜਿਸ ਬਾਰੇ ਅਜੇ ਕੋਈ ਜਵਾਬ ਨਹੀ ਮਿੀਿਲਆ। ਫਾਇਰ ਸਟੇਸ਼ਨ ਨੂੰ ਲੋੜੀਂਦਾ ਸਮਾਨ ਅਤੇ ਸਟਾਫ ਦੀ ਘਾਟ ਪੂਰੀ ਕੀਤੀ ਜਾਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਮੁਹਮੰਦ ਤਾਇਅਬ ਮੁਤਾਬਕ ਉਹ ਇਸ ਮਾਮਲੇ ਵੱਲ ਜਰੂਰ ਧਿਆਨ ਦੇਣਗੇ। ਮੀਟਿੰਗ ਵਿਚ ਇਸ ਬਾਰੇ ਨਗਰ ਕੌਂਸਲਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕੋਈ ਯੋਗ ਕਦਮ ਪੁਟਿਆ ਜਾਵੇਗਾ।

WRITTEN BY