ਨਵੀਂ ਦਿੱਲੀ, 6 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ) ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਅੱਜ ਹੋਈ ਕੈਬਨਿਟ ਮੀਟਿੰਗ ਵਿਚ ਐਸ.ਆਈ.ਟੀ ਜਾਂਚ ’ਤੇ ਮੋਹਰ ਲਾਈ ਗਈ। ਹੁਣ ਐਸ.ਆਈ.ਟੀ ਦੇ ਗਠਨ ਲਈ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਕੋਲ ਸਿਫਾਰਿਸ਼ ਭੇਜੀ ਜਾਵੇਗੀ, ਜਿਸ ’ਤੇ ਉਹ ਫੈਸਲਾ ਲੈਣਗੇ। ਇਸ ਸਬੰਧੀ ਮੀਟਿੰਗ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਐਸ.ਆਈ.ਟੀ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਫਾਰਿਸ਼ ਕੀਤੀ ਹੈ ਕਿ 1984 ਦੰਗਿਆਂ ਦੀ ਐਸ.ਆਈ.ਟੀ ਜਾਂਚ ਹੋਵੇ ਅਤੇ ਇਸ ਟੀਮ ਵਿਚ ਦਿੱਲੀ ਪੁਲਿਸ ਦਾ ਕੋਈ ਵੀ ਅਧਿਕਾਰੀ ਨਾ ਹੋਵੇ ਕਿਉਂਕਿ ਇਸ ਮਾਮਲੇ ਵਿਚ ਦਿੱਲੀ ਪੁਲਿਸ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦੰਗਿਆਂ ਨਾਲ ਸਬੰਧਤ 281 ਬੰਦ ਫਾਈਲਾਂ ਇਕ ਵਾਰ ਮੁੜ ਖੋਲ੍ਹੀਆਂ ਜਾਣਗੇ। ਇਸ ਦੇ ਨਾਲ ਇਕ ਸਾਲ ਦੇ ਅੰਦਰ ਐਸ.ਆਈ.ਟੀ ਜਾਂਚ ਰਿਪੋਰਟ ਸੌਂਪੇਗੀ। ਵਰਣਨਯੋਗ ਹੇ ਕਿ 1984 ਦੰਗਿਆਂ ਨਾਲ ਸਬੰਧਤ 587 ਐਫ.ਆਈ.ਆਰਜ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਜਾਂਚ ਤੋਂ ਬਾਅਦ 281 ਕੇਸ ਬੰਦ ਕਰ ਦਿੱਤੇ ਗਏ। ਹੁਣ ‘ਆਪ’ ਸਰਕਾਰ ਨੇ ਇਨ੍ਹਾਂ ਕੇਸਾਂ ਨੁੰ ਫਿਰ ਖੋਲ੍ਹਣ ਦੀ ਸਿਫਾਰਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਬੰਧੀ ਉਪ ਰਾਜਪਾਲ ਨਾਲ ਮੁਲਾਕਾਤ ਕਰਕੇ ਸਿੱਖ ਕਤਲੇਆਮ ਦੀ ਜਾਂਚ ਲਈ ਐਸ.ਆਈ.ਟੀ ਬਣਾਉਣ ਦੀ ਮੰਗ ਰੱਖੀ ਸੀ। ਜਿਸ ਤੋਂ ਬਾਅਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਐਸ.ਆਈ.ਟੀ ਜਾਂਚ ਦੀ ਮੰਗ ਕੀਤੀ ਹੈ, ਇਹ ਸਾਡੇ ਐਲਾਨ ਪੱਤਰ ਵਿਚ ਸ਼ਾਮਿਲ ਹੈ ਅਤੇ ਅਸੀਂ ਇਸ ’ਤੇ ਛੇਤੀ ਹੀ ਕੈਬਨਿਟ ਦੀ ਬੈਠਕ ਵੀ ਬੁਲਾਵਾਂਵੇ। ਪਿਛਲੇ ਦਿਨੀਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਕ ਟੀ.ਵੀ ਚੈਨਲ ਨਾਲ ਮੁਲਾਕਾਤ ਦੌਰਾਨ ਦਿੱਲੀ ਦੰਗਿਆਂ ਦਾ ਮੁੱਦਾ ਛੂਹੇ ਜਾਣ ਤੋਂ ਵਿਵਾਦ ਪੈਦਾ ਹੋ ਗਿਆ ਸੀ।
ਕੇਜਰੀਵਾਲ ਸਰਕਾਰ ਵੱਲੋਂ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਐ¤ਸ.ਆਈ.ਟੀ. ਨੂੰ ਮਨਜ਼ੂਰੀ



