ਉਤਰ-ਪੂਰਬੀ ਰਾਜਾਂ ਵਿੱਚ ਭਾਰਤੀ ਜਨਤਾ ਪਾਰਟੀ ਹੌਲੀ-ਹੌਲੀ ਪੈਰ ਪਸਾਰ ਰਹੀ ਹੈ। ਆਸਾਮ ਵਿੱਚ ਜੜ੍ਹਾਂ ਜਮਾਉਣ ਤੋਂ ਬਾਅਦ ਹੁਣ ਭਾਜਪਾ ਨੇ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵੀ ਆਪਣਾ ਸਿਆਸੀ ਆਧਾਰ ਕਾਇਮ ਕਰ ਲਿਆ ਹੈ। ਤਿੰਨੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਪਹਿਲੀ ਵਾਰ ਵੱਡੀ ਜਿੱਤ ਮਿਲੀ ਹੈ। ਤ੍ਰਿਪੁਰਾ ਵਿੱਚ ਤਾਂ ਪਾਰਟੀ ਨੇ ਦੋ ਤਿਹਾਈ ਬਹੁਮਤ ਹਾਸਿਲ ਕੀਤਾ ਹੈ। ਖੱਬੇਪੱਖੀਆਂ ਦਾ 25 ਸਾਲਾ ਤੋਂ ਚੱਲ ਰਿਹਾ ਰਾਜ ਜੜ੍ਹ ਤੋਂ ਉਖਾੜ ਕੇ ਭਾਜਪਾ ਨੇ ਪੈਰ ਜਮ੍ਹਾ ਲਏ ਹਨ। ਨਾਗਾਲੈਂਡ ਵਿੱਚ ਭਾਜਪਾ ਨੇ ਵਿਰੋਧੀ ਗਠਜੋੜ ਨੂੰ ਬਰਾਬਰ ਦੀ ਟੱਕਰ ਦਿੱਤੀ ਹੈ। ਦੋਵੇਂ ਪ੍ਰਮੁੱਖ ਧਿਰਾਂ ਨੂੰ 60 ਵਿੱਚੋਂ 29-29 ਸੀਟਾਂ ਮਿਲੀਆਂ ਹਨ। ਭਾਜਪਾ ਨਾਗਾਲੈਂਡ ਵਿਖੇ ਜੋੜ ਤੋੜ ਨਾਲ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ। ਮੇਘਾਲਿਆ ਵਿਧਾਨ ਸਭਾ ਦੀ ਚੋਣ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਿਲ ਨਹੀਂ ਹੋਇਆ। 60 ਮੈਂਬਰੀ ਮੇਘਾਲਿਆ ਵਿਧਾਨ ਸਭਾ ਕਾਂਗਰਸ ਇਕਲੋਤੀ ਵੱਡੀ ਪਾਰਟੀ ਵਜੋਂ ਉਭਰੀ ਹੈ। ਇਸ ਤਰ੍ਹਾਂ ਤਿੰਨ ਵਿੱਚੋਂ ਦੋ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਪੱਕੇ ਆਸਾਰ ਹਨ। ਮੇਘਾਲਿਆ ਵਿੱਚ ਦੋਵੇਂ ਧਿਰਾਂ ਸਰਕਾਰ ਬਣਾਉਣ ਲਈ ਯਤਨਸ਼ੀਲ ਹਨ। ਉਤਰ-ਪੂਰਬੀ ਰਾਜਾਂ ਵਿੱਚ ਲੋਕਾਂ ਵੱਲੋਂ ਭਾਜਪਾ ਨੂੰ ਮਿਲੇ ਸਮਰਥਨ ਦੇ ਵੱਡੇ ਅਰਥ ਹਨ। ਭਾਜਪਾ ਬੇਸ਼ਕ ਇਸ ਨੂੰ ਲੋਕ ਸਭਾ ਚੋਣਾਂ ਲਈ ਇਕ ਟੈਸਟ ਵਜੋਂ ਦੇਖ ਰਹੀ ਹੈ। ਪ੍ਰੰਤੂ ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਭਾਜਪਾ ਦੀ ਇਸ ਖੇਤਰ ਵਿੱਚ ਜਿੱਤ ਪਿੱਛੇ ਹੋਰ ਕਈ ਕਾਰਨ ਹਨ। ਭਾਜਪਾ ਦੀ ਜਿੱਤ ਨੂੰ ਮੁੱਖ ਤੌਰ ’ਤੇ ਲੀਡਰਸ਼ਿਪ ਦੇ ਸੰਕਟ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਭਾਜਪਾ ਕੋਲ ਇਕ ਮਜ਼ਬੂਤ ਅਤੇ ਵੱਡੀ ਪਾਰਟੀ ਲੀਡਰਸ਼ਿਪ ਹੈ। ਕੇਂਦਰ ਵਿੱਚ ਸਰਕਾਰ ਹੋਣ ਕਾਰਨ ਪਾਰਟੀ ਕੋਲ ਕਾਫੀ ਸਾਧਨ ਹਨ। ਮੁਕਾਬਲੇ ਦੀਆਂ ਦੂਜੀਆਂ ਪਾਰਟੀਆਂ ਕੋਲ ਯੋਗ ਲੀਡਰਸ਼ਿਪ ਦੀ ਭਾਰੀ ਕਮੀ ਹੈ। ਕਾਂਗਰਸ ਵੀ ਅਜਿਹੀਆਂ ਪਾਰਟੀਆਂ ਵਿੱਚ ਸ਼ਾਮਿਲ ਹੈ। ਤਿੰਨੇ ਰਾਜਾਂ ਦੇ ਨਤੀਜੇ ਕਿਸੇ ਵੀ ਤਰ੍ਹਾਂ ਭਾਜਪਾ ਦੀਆਂ ਨੀਤੀਆਂ ’ਤੇ ਮੋਹਰ ਨਹੀਂ ਆਖੇ ਜਾ ਸਕਦੇ। ਭਾਜਪਾ ਨੇ ਬੇਹਤਰ ਤਾਲਮੇਲ ਅਤੇ ਪ੍ਰਬੰਧ ਨਾਲ ਇਹ ਚੋਣਾਂ ਜਿੱਤੀਆਂ ਹਨ। ਬੇਸ਼ਕ ਭਾਜਪਾ ਨੇ ਸੀਟਾਂ ਦੇ ਪੱਖ ਤੋਂ ਜਿੱਤ ਹਾਸਿਲ ਕੀਤੀ ਹੈ। ਪ੍ਰੰਤੂ ਵੋਟ ਪ੍ਰਤੀਸ਼ਤਤਾ ਦੇ ਪੱਖ ਤੋਂ ਦੂਜੀਆਂ ਸਿਆਸੀ ਧਿਰਾਂ ਨੇ ਵੀ ਚੰਗਾ ਕਾਰਗੁਜਾਰੀ ਦਿਖਾਈ ਹੈ। ਇਨ੍ਹਾਂ ਚੋਣਾਂ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਉਪਰ ਕੀ ਅਸਰ ਪੈਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ। ਹਾਲੇ ਕੁਝ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਉਨ੍ਹਾਂ ਵਿੱਚ ਵੀ ਲੋਕਾਂ ਦੇ ਰੁਝਾਨ ਦਾ ਪਤਾ ਲੱਗਣਾ ਹੈ। ਭਾਜਪਾ ਨੂੰ ਇਸ ਜਿੱਤ ਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਸ ਨੂੰ ਚੰਗੇ ਰਾਜ ਪ੍ਰਬੰਧ ਲਈ ਯਤਨ ਕਰਨੇ ਹੋਣਗੇ। ਚੰਗਾ ਹੋਵੇਗਾ ਜੇਕਰ ਭਾਜਪਾ ਕੇਂਦਰ ਵਿੱਚ ਆਪਣੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰੇ। ਇਸ ਦੇ ਆਧਾਰ ਉਪਰ ਲੋਕਾਂ ਦੀਆਂ ਸ਼ਿਕਾਇਤਾਂ ਵੀ ਦੂਰ ਹੋਣੀਆਂ ਚਾਹੀਦੀਆਂ ਹਨ।
– ਬਲਜੀਤ ਸਿੰਘ ਬਰਾੜ