ਬਟਾਲਾ ਪੁਲਿਸ ਨੇ ਦੋ ਭਗੌੜੇ ਗੈਂਗਸਟਰ ਨਜ਼ਾਇਜ ਪਿਸਤੌਲ ਸਮੇਤ ਕੀਤੇ ਕਾਬੂ

ਬਟਾਲਾ, 5 ਮਾਰਚ (ਸੁਖਬੀਰ ਸਿੰਘ ਅੱਤੇਪੁਰ)- ਬਟਾਲਾ ਪੁਲਿਸ ਜ਼ਿਲ੍ਹੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋਂ ਡੇਰਾ ਬਾਬਾ ਨਾਨਕ ਪੁਲਿਸ ਨੇ 2 ਭਗੌੜੇ ਗੈਂਗਸਟਰਾਂ ਨੂੰ ਇੱਕ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਫੜ੍ਹੇ ਗਏ ਗੈਂਗਸਟਰਾਂ ਵਿੱਚੋਂ ਇੱਕ ਸੀ ਕੈਟਾਗਰੀ ਦਾ ਗੈਂਗਸਟਰ ਹੈ। ਜ਼ਿਲ੍ਹਾ ਪੁਲਿਸ ਮੁੱਖੀ ਸ. ਘੁੰਮਣ ਨੇ ਦੱਸਿਆ ਕਿ ਬਟਾਲਾ ਪੁਲਿਸ ਨੂੰ ਦੋ ਗੈਂਗਸਟਰਾਂ ਬਾਰੇ ਇੱਕ ਗੁਪਤ ਸੂਚਨਾ ਮਿਲੀ ਜੀ ਜਿਸ ਤਹਿਤ ਐਸ.ਪੀ. ਓਪਰੇਸ਼ਨ ਸ. ਬਲਜੀਤ ਸਿੰਘ ਦੀ ਨਿਗਰਾਨੀ ਹੇਠ ਐਸ.ਐਚਓ. ਡੇਰਾ ਬਾਬਾ ਨਾਨਕ ਇੰਸਪੈਕਟਰ ਅਰਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਪਿੰਡ ਸ਼ਾਮਪੁਰ ਦੇ ਸੂਏ ਦੇ ਪੁੱਲ ਲਾਗੋਂ ਦੋ ਖਤਰਨਾਕ ਗੈਂਗਸਟਰ ਗੁਰਮੀਤ ਸਿੰਘ ਉਰਫ ਮੀਤਾ (ਸੀ ਕੈਟਾਗਰੀ) ਪੁੱਤਰ ਧੰਨਵੰਤ ਸਿੰਘ, ਵਾਸੀ ਖੁਸ਼ਹਾਲਪੁਰ ਅਤੇ ਉਸਦੇ ਸਾਥੀ ਕਰਮਜੀਤ ਸਿੰਘ ਉਰਫ ਸਾਹਬੀ ਉਰਫ ਫੌਜੀ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਹੱਲਾ ਮੁਲਖਰਾਜ, ਡੇਰਾ ਬਾਬਾ ਨਾਨਕ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1 ਰਿਵਾਲਵਰ ਦੇਸੀ 32 ਬੋਰ, 6 ਜ਼ਿੰਦਾ ਰੌਂਦ ਅਤੇ 1 ਬੁਲਟ ਮੋਟਰਸਾਈਕਲ ਨੰਬਰੀ ਐਚ.ਪੀ.-40-8351 ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਵਿਖੇ ਮਿਤੀ 4 ਮਾਰਚ 2018 ਨੂੰ ਮੁਕੱਦਮਾ ਨੰਬਰ 29, ਜੁਰਮ 25-54-59 ਅਸਲਾ ਐਕਟ ਤਹਿਤ ਦਰਜ ਕੀਤਾ ਹੈ। ਐਸ.ਐਸ.ਪੀ. ਬਟਾਲਾ ਨੇ ਦੱਸਿਆ ਕਿ ਫੜ੍ਹੇ ਗਏ ਦੋਵੇਂ ਦੋਸ਼ੀ ਗੈਂਗਸਟਰ ਜੱਗੂ ਭਗਵਾਨਪੁਰ ਦੇ ਗੈਂਗ ਦੇ ਮੈਂਬਰ ਸਨ ਅਤੇ ਇਨ੍ਹਾਂ ਦੇ ਖਿਲਾਫ ਪਹਿਲਾਂ ਵੀ ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ ਹਨ ਅਤੇ ਇਹ ਸਾਲ 2012 ਤੋਂ ਭਗੌੜੇ ਚੱਲੇ ਆ ਰਹੇ ਸਨ। ਸ. ਘੁੰਮਣ ਨੇ ਕਿਹਾ ਕਿ ਦੋਸ਼ੀਆਂ ਕੋਲੋਂ ਪੁੱਛ-ਗਿੱਛ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਐਸ.ਐਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਅਰੰਭੀ ਹੋਈ ਹੈ ਅਤੇ ਕਿਸੇ ਵੀ ਅਜਿਹੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।

Send this to a friend