ਅਮਰਗੜ੍ਹ, 4 ਮਾਰਚ (ਸੁਖਵਿੰਦਰ ਸਿੰਘ ਅਟਵਾਲ)-ਵਿਦਿਆਰਥੀਆਂ ਦੇ ਚੱਲ ਰਹੇ ਸਲਾਨਾ ਇਮਤਿਹਾਨਾਂ ਦੇ ਮੱਦੇਨਜ਼ਰ ਮਾਨਯੋਗ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ, ਜਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਲਵਿੰਦਰ ਸਿੰਘ ਚੀਮਾਂ ਡੀ.ਐਸ.ਪੀ ਅਮਰਗੜ੍ਹ ਦੇ ਹੁਕਮਾਂ ਅਨੁਸਾਰ ਥਾਣਾ ਮੁਖੀ ਗੁਰਭਜਨ ਸਿੰਘ ਵੱਲੋਂ ਇਲਾਕੇ ਦੇ ਗੁਰਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਉਨ੍ਹਾਂ ਅੰਦਰ ਡਿਊਟੀ ਨਿਭਾ ਰਹੇ ਗ੍ਰੰਥੀ ਸਿੰਘਾਂ ਦੀ ਇੱਕ ਅਹਿਮ ਮੀਟਿੰਗ ਬੁਲਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮਾਨਯੋਗ ਡੀ.ਸੀ ਸਾਹਿਬ ਵੱਲੋਂ ਆਏ ਨਿਰਦੇਸ਼ਾਂ ਨੂੰ ਵਿਸਥਾਰ ਦਿੰਦਿਆਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਸਵੇਰੇ ਅਤੇ ਸ਼ਾਮ ਨੂੰ ਸਪੀਕਰ ਬੰਦ ਕੀਤੇ ਜਾਣ ਅਤੇ ਅੰਦਰ ਛੋਟੇ ਬਕਸੇ ਵਗੈਰਾ ਲਗਾਕੇ ਹੀ ਪਾਠ, ਪੂਜ਼ਾ ’ਤੇ ਅਰਚਨਾ ਕੀਤੀ ਜਾਵੇ, ਨਾਲ ਹੀ ਉਨ੍ਹਾਂ ਮੀਡੀਆ ਰਾਂਹੀ ਅਸਲਾ ਧਾਰਕਾਂ ਨੂੰ ਵੀ ਸੂਚਿਤ ਕੀਤਾ ਕਿ ਉਹ ਜਲਦ ਹੀ ਆਪਣੇ ਯੂੀ.ਆਈ.ਡੀ ਨੰਬਰ ਡੀ.ਸੀ ਦਫ਼ਤਰ ਸੰਗਰੂਰ ਤੋਂ ਲੈ ਕੇ ਥਾਣੇਂ ਵਿਖੇ ਦਰਜ਼ ਕਰਵਾਉਂਣ, ਅਜਿਹਾ ਨਾਂ ਕਰਨ ਦੀ ਸੂਰਤ ਵਿੱਚ ਲਾਇਸੈਂਸ ਰੱਦ ਹੋ ਸਕਦਾ ਹੈ। ਟਰੈਕਟਰਾਂ ਉਪਰ ਚੱਲ ਰਹੇ ਡੈਕਾਂ, ਟੇਪਾਂ ਸਬੰਧੀ ਵੀ ਉਨ੍ਹਾਂ ਸ਼ਖ਼ਤ ਤਾੜ੍ਹਨਾਂ ਕਰਦਿਆਂ ਕਿਹਾ ਕਿ ਜੇਕਰ ਕੋਈ ਪਿੰਡ ਵਿੱਚ ਜਾਂ ਸੜ੍ਹਕ ’ਤੇ ਜਾਂਦਾ ਹੋਇਆ ਟਰੈਕਟਰ ’ਤੇ ਡੈਕ ਚਲਦਾ ਫੜ੍ਹਿਆ ਗਿਆ ਤਾਂ ਉਸ ਨੂੰ ਸਿੱਧਾ ਦਸ ਹਜ਼ਾਰ ਰੂਪੈ ਜ਼ੁਰਮਾਨਾ ਕਰਕੇ ਟਰੈਕਟਰ ਥਾਣੇ ਬੰਦ ਕੀਤਾ ਜਾਵੇਗਾ, ਨਾਲ ਹੀ ਬਿਨ੍ਹਾਂ ਨੰਬਰ ਵਾਹਨਾਂ ਅਤੇ ਅਧੂਰੇ ਕਾਗਜ਼ਾਂ ਵਾਲਿਆਂ ਨੂੰ ਵੀ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ ਦੀ ਸ਼ਖ਼ਤ ਹਦਾਇਤ ਕੀਤੀ। ਥਾਣਾ ਮੁਖੀ ਨੇਂ ਹਰੇਕ ਜ਼ਿੰਮੇਵਾਰ ਨਾਗਰਿਕ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਧਿਆਨ ਵਿੱਚ ਕੋਈ ਨਸ਼ਾ ਤਸ਼ਕਰ ਜਾਂ ਨਕਲੀ ਸਪਰੇ, ਖ਼ਾਦਾਂ, ਦੁੱਧ ਅਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਕਰਦਾ ਹੈ ਤਾਂ ਉਸ ਦੀ ਸੂਚਨਾਂ ਤੁਰੰਤ ਥਾਣਾ ਅਮਰਗੜ੍ਹ ਵਿਖੇ ਦਿੱਤੀ ਜਾਵੇ। ਇਸ ਸਮੇਂ ਸੁਖਜਿੰਦਰ ਸਿੰਘ ਝੱਲ ਨੇਂ ਵੀ ਆਪਣੇ ਵਿਚਾਰ ਰੱਖੇ ਅਤੇ ਅਖ਼ੀਰ ਵਿੱਚ ਗ੍ਰੰਥੀ ਭਾਈ ਜਸਵੀਰ ਸਿੰਘ ਜ਼ਖ਼ਮੀਂ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਹਿਬਾਨਾਂ, ਪੁਲਿਸ ਅਤੇ ਪ੍ਰੈਸ ਅਮਰਗੜ੍ਹ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ ਗਿਆ।