ਜੰਮੂ-ਕਸ਼ਮੀਰ ਦਾ ਖੂਨ-ਖਰਾਬਾ

ਜੰਮੂ-ਕਸ਼ਮੀਰ ਵਿੱਚ ਹਾਲਾਤਾਂ ਨੂੰ ਮੋੜਾ ਨਹੀਂ ਪੈ ਰਿਹਾ ਹੈ। ਸਿਆਸੀ ਤੌਰ ’ਤੇ ਵੀ ਇਸ ਦਾ ਕੋਈ ਹੱਲ ਨਾ ਨਿਕਲਣ ਕਾਰਨ ਲਗਾਤਾਰ ਖੂਨ-ਖਰਾਬਾ ਜਾਰੀ ਹੈ। ਜਨਵਰੀ 1989 ਤੋਂ ਲੈ ਕੇ ਹੁਣ ਤਕ 94,290 ਕਸ਼ਮੀਰੀ ਨਾਗਰਿਕ ਮਾਰੇ ਜਾ ਚੁੱਕੇ ਹਨ। ਸੁਰੱਖਿਆ ਦਸਤਿਆਂ ਦੀਆਂ ਮੌਤਾਂ ਇਸ ਤੋਂ ਵੱਖਰੀਆਂ ਹਨ। ਕਸ਼ਮੀਰੀਆਂ ਦਾ ਸਿਆਸੀ ਅੰਦੋਲਨ ਪਿਛਲੇ ਸੱਤ ਦਹਾਕਿਆਂ ਤੋਂ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਸ਼ਮੀਰੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੌਰਾਨ ਕਸ਼ਮੀਰ ਦੇ ਲੋਕਾਂ ਉਪਰ ਸੁਰੱਖਿਆ ਦਸਤਿਆਂ ਵੱਲੋਂ ਜ਼ੁਲਮ ਅਤੇ ਤਸ਼ੱਦਦ ਦੇ ਵੀ ਸੈਂਕੜੇ ਮਾਮਲੇ ਸਾਹਮਣੇ ਆ ਚੁੱਕੇ ਹਨ। ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਵੀ ਜੰਮੂ- ਕਸ਼ਮੀਰ ਦੇ ਹਾਲਾਤ ਬੇਹਤਰ ਨਹੀਂ ਹਨ। ਇਕ ਰਿਪੋਰਟ ਮੁਤਾਬਿਕ ਭਾਰਤੀ ਸੁਰੱਖਿਆ ਦਸਤਿਆਂ ਨੇ ਇਸ ਸਮੇਂ ਦੌਰਾਨ 7038 ਕਸ਼ਮੀਰੀਆਂ ਨਾਲ ਹਿਰਾਸਤ ਵਿੱਚ ਬੁਰਾ ਵਰਤਾਓ ਕੀਤਾ। ਕਸ਼ਮੀਰ ਮੀਡੀਆ ਸੇਵਾ ਅਨੁਸੰਧਾਨ ਵਿਭਾਗ ਦੀ ਇਕ ਰਿਪੋਰਟ ਮੁਤਾਬਿਕ 1979 ਤੋਂ ਹੁਣ ਤੱਕ 22,806 ਕਸ਼ਮੀਰੀ ਔਰਤਾਂ ਵਿਧਵਾ ਅਤੇ 107,545 ਬੱਚੇ ਅਨਾਥ ਹੋਏ ਹਨ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 10,167 ਕਸ਼ਮੀਰੀ ਔਰਤਾਂ ਨੂੰ ਘਰ ਤੋਂ ਚੁੱਕ ਕੇ ਉਨ੍ਹਾਂ ’ਤੇ ਤਸ਼ੱਦਦ ਢਾਹਿਆ ਗਿਆ। ਭਾਰਤੀ ਸੁਰੱਖਿਆ ਦਸਤਿਆਂ ਨੇ 106,050 ਘਰਾਂ ਨੂੰ ਸਾੜ ਫੂਕ ਕੇ ਸਵਾਹ ਕਰ ਦਿਤਾ। 8000 ਕਸ਼ਮੀਰੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਸੜ੍ਹ ਰਹੇ ਹਨ। ਹਜ਼ਾਰਾਂ ਹੋਰ ਕਸ਼ਮੀਰੀ ਜੇਲ੍ਹਾਂ ਵਿੱਚ ਸੜਨ ਲਈ ਮਜ਼ਬੂਰ ਹਨ। ਕਸ਼ਮੀਰ ਦੀ ਇਸ ਲੜਾਈ ਵਿੱਚ ਹਜ਼ਾਰਾਂ ਪਰਿਵਾਰ ਬਰਬਾਦ ਹੋ ਚੁੱਕੇ ਹਨ। ਕਾਰੋਬਾਰ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਜੰਮੂ-ਕਸ਼ਮੀਰ ਵਿੱਚ ਆਰਥਿਕ ਪੱਖੋਂ ਹਾਲਾਤ ਬਹੁਤ ਨਾਜ਼ਕ ਹਨ। ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਲੋਕ ਡਰ ਅਤੇ ਦਹਿਸ਼ਤ ਦੇ ਮਾਹੌਲ ਵਿੱਚ ਜੀਅ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਕਸ਼ਮੀਰ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੋਈ ਵੀ ਧਿਰ ਯਤਨ ਨਹੀਂ ਕਰ ਰਹੀ। ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਲਈ ਕਸ਼ਮੀਰ ਦੀ ਸਮੱਸਿਆ ਇਕ ਲਾਹੇਵੰਦ ਮੁੱਦਾ ਬਣਿਆ ਹੋਇਆ ਹੈ। ਇਸ ਸਮੱਸਿਆ ਦੇ ਆਧਾਰ ਉਪਰ ਦੋਵੇਂ ਦੇਸ਼ਾਂ ਦੇ ਨੇਤਾ ਆਪੋ-ਆਪਣੀ ਰਾਜਨੀਤੀ ਚਲਾ ਰਹੇ ਹਨ। ਆਰਥਿਕ ਪੱਖ ਤੋਂ ਵੀ ਕਸ਼ਮੀਰ ਮਸਲਾ ਨੇਤਾਵਾਂ ਅਤੇ ਅਧਿਕਾਰੀਆਂ ਲਈ ਕਾਫੀ ਫਾਇਦੇਮੰਦ ਹੈ। ਵੱਡੀ ਮਾਤਰਾ ਵਿੱਚ ਫੰਡਾਂ ਦੀ ਦੁਰਵਰਤੋਂ ਹੋ ਰਹੀ ਹੈ। ਇਸ ਸਭ ਕੁੱਝ ਦਾ ਕਸ਼ਮੀਰੀ ਲੋਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਭਾਰਤ ਦੀ ਆਮ ਜਨਤਾ ਉਪਰ ਵੀ ਇਸ ਦਾ ਵੱਡਾ ਬੋਝ ਹੈ। ਬਜਟ ਦਾ ਇਕ ਵੱਡਾ ਹਿੱਸਾ ਕਸ਼ਮੀਰ ਵਿੱਚ ਖਰਚਿਆ ਜਾ ਰਿਹਾ ਹੈ। ਜੇਕਰ ਕਸ਼ਮੀਰ ਮਸਲੇ ਦਾ ਕੋਈ ਸਾਂਝਾ ਹੱਲ ਕੱਢਿਆ ਜਾਵੇ ਤਾਂ ਭਾਰਤ ਅਤੇ ਪਾਕਿਸਤਾਨ ਦੀ ਆਮ ਜਨਤਾ ਨੂੰ ਭਾਰੀ ਰਾਹਤ ਮਿਲੇਗੀ। ਕਸ਼ਮੀਰ ਦੇ ਲੋਕ ਵੀ ਅਮਨ-ਚੈਨ ਨਾਲ ਰਹਿ ਸਕਣਗੇ। ਇਸ ਮਸਲੇ ਨੂੰ 70 ਸਾਲ ਤੋਂ ਲਮਕਾਇਆ ਜਾ ਰਿਹਾ ਹੈ। ਸਿਆਸੀ ਨੇਤਾਵਾਂ ਦੀ ਬਦਨੀਤੀ ਕਾਰਨ ਇਹ ਸਮੱਸਿਆ ਹੋਰ ਗੂੰਝਲਦਾਰ ਹੋ ਗਈ ਹੈ। ਸਿਆਸੀ ਨੇਤਾ ਦੋਵੇਂ ਦੇਸ਼ਾਂ ਦੇ ਆਮ ਲੋਕਾਂ ਅਤੇ ਕਸ਼ਮੀਰੀਆਂ ’ਤੇ ਰਹਿਮ ਕਰਨ। ਇਸ ਮਸਲੇ ਦਾ ਹੁਣ ਬਿਨਾ ਕਿਸੇ ਖੂਨ-ਖਰਾਬੇ ਤੋਂ ਹੱਲ ਕੱਢਿਆ ਜਾਣਾ ਚਾਹੀਦਾ ਹੈ।
– ਬਲਜੀਤ ਸਿੰਘ ਬਰਾੜ

Send this to a friend