ਖ਼ਾਲਸਾ ਕਾਲਜ ਪਟਿਆਲਾ ਵੱਲੋਂ ‘ਭੋਜਨ ਦੇ ਢੁਕਵੇਂ ਸਫ਼ਾਈ ਪ੍ਰਬੰਧ’ ਵਿਸ਼ੇ ’ਤੇ ਜਾਗਰੂਕਤਾ ਰੈਲੀ

ਪਟਿਆਲਾ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਅੱਜ ਖ਼ਾਲਸਾ ਕਾਲਜ ਪਟਿਆਲਾ ਦੇ ਬੀ.ਵਾਕ. ਫੂਡ ਪ੍ਰੋਸੈਸਿੰਗ ਐਂਡ ਇੰਜੀਨੀਰਿੰਗ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਭੋਜਨ ਦੇ ਢੁਕਵੇਂ ਸਫ਼ਾਈ ਪ੍ਰਬੰਧ’ (ਗੁੱਡ ਹਾਈਜੀਨ ਪ੍ਰੈਕਟੀਸਜ਼ ਇਨ ਫੂਡ) ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਦੌਰਾਨ ਵਿਦਿਆਰਥੀ ਕਾਲਜ ਦੀ ਕੰਟੀਨ ਤੋਂ ਸ਼ੁਰੂ ਹੋ ਕੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੇ ਰੇੜ੍ਹੀਆਂ ਉਤੇ ਪੱਕਿਆ ਭੋਜਨ ਵੇਚਣ ਵਾਲਿਆਂ ਨੂੰ ਸੰਬੋਧਿਤ ਹੋਏ। ਇਸ ਮੌਕੇ ਵਿਦਿਆਰਥੀਆਂ ਨੇ ਭੋਜਨ ਬਣਾਉਣ ਅਤੇ ਵਰਤਾਉਣ ਸਮੇਂ ਚੰਗੀਆਂ ਆਦਤਾਂ ਅਪਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭੋਜਨ ਬਣਾਉਂਦੇ ਸਮੇਂ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਵਰਤੀਆਂ ਜਾਂਦੀਆਂ ਜ਼ਰੂਰੀ ਵਸਤਾਂ ਜਿਵੇਂ ਹੱਥਾਂ ਲਈ ਦਸਤਾਨੇ, ਸਿਰ ਢਕਣ ਲਈ ਟੋਪੀ, ਮੂੰਹ ਢਕਣ ਲਈ ਮਾਸਕ ਅਤੇ ਕੱਪੜਿਆਂ ਦੇ ਉਪਰੋਂ ਪਾਉਣ ਲਈ ਐਪ੍ਰਨ ਵੀ ਦਿੱਤੇ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਇਸ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਵਿਖਾਉਂਦੇ ਹੋਏ ਰਵਾਨਾ ਕਰਦਿਆਂ ਕਿਹਾ ਕਿ ਅਜਿਹੀਆਂ ਜਾਗਰੂਕਤਾ ਭਰੀਆਂ ਰੈਲੀਆਂ ਸਮਾਜਿਕ ਜੀਵਨ ਪੱਧਰ ਨੂੰ ਉਚਾ ਚੁੱਕਣ ਦੇ ਲਈ ਬਹੁਤ ਜ਼ਰੂਰੀ ਹਨ ਤਾਂ ਜੋ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕੀਏ। ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਕੋਆਰਡੀਨੇਟਰ ਡਾ. ਅਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਨਿਪੁੰਨਜੋਤ ਕੌਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਉਪਰਾਲੇ ਦੇ ਸਫ਼ਲਤਾ-ਪੂਰਵਕ ਨੇਪਰੇ ਚੜ੍ਹਨ ’ਤੇ ਵਧਾਈ ਦਿੱਤੀ। ਇਸ ਰੈਲੀ ਦੌਰਾਨ ਵਿਦਿਆਰਥੀਆਂ ਦੀ ਰਹਿਨੁਮਾਈ ਵਿਭਾਗ ਦੇ ਅਧਿਆਪਕ ਸਾਹਿਬਾਨ ਪ੍ਰੋ. ਰੋਜੀ ਬਾਂਸਲ, ਡਾ. ਮਨਸਿਮਰਨ ਕੌਰ ਅਤੇ ਪ੍ਰੋ. ਰਮਨਦੀਪ ਕੌਰ ਨੇ ਕੀਤੀ।

Send this to a friend