ਘੱਗਰ ਦੇ ਪੁਲ ਕੋਲ ਲੱਗਦੇ ਅੰਤਰਰਾਜੀ ਪੁਲਿਸ ਨਾਕੇ ਨੇ ਲੀਹੋਂ ਲਾਹੀ ਅਵਾਜਾਈ ਦੀ ਗੱਡੀ

ਘੱਗਰ ਦੇ ਨਕਾਰਾ ਪੁਲ ’ਤੇ ਲੱਗਦਾ ਜਾਮ ਕਿਸੇ ਵੇਲੇ ਵੀ ਬਣ ਸਕਦੈ ਮੌਤਾਂ ਦਾ ਕਾਰਨ

ਸਰਦੂਲਗੜ੍ਹ, 27 ਫਰਵਰੀ (ਬਲਜੀਤਪਾਲ ਸਿੰਘ)- ਸਰਦੂਲਗੜ੍ਹ ਤੋਂ ਲੰਘਦੀ ਸਿਰਸਾ ਪਠਾਨਕੋਟ ਅੰਤਰ ਰਾਜੀ ਸੜਕ ’ਤੇ ਸਰਦੂਲਗੜ੍ਹ ਸਥਿੱਤ ਘੱਗਰ ਦੇ ਪੁਲ ਕੋਲ ਭੀੜੀ ਥਾਂ ਪੱਕੇ ਤੌਰ ’ਤੇ ਲਗਾਏ ਗਏ ਅੰਤਰ ਰਾਜੀ ਪੁਲੀਸ ਨਾਕੇ ਨੇ ਆਵਾਜਾਈ ਦੀ ਗੱਡੀ ਲੀਹੋਂ ਉਤਾਰ ਰੱਖੀ ਹੈ। ਦਿਨ ’ਚ ਦਰਜ਼ਨਾਂ ਵਾਰ ਜਾਂਮ ਲੱਗਣ ਕਰਕੇ ਬੰਦ ਹੁੰਦੀ ਇਸ ਸੜਕ ’ਤੇ ਲੰਬੀਆਂ ਕਤਾਰਾਂ ਲੱਗਦੀਆਂ ਹਨ। ਘੱਗਰ ਦੇ ਪੁਲ, ਗਊਸ਼ਾਲਾ ਅਤੇ ਮਿੰਨੀ ਸਟੇਡੀਅਮ ਨੇੜੇ ਹੋਣ ਕਾਰਨ ਇਹ ਥਾਂ ਵੀ ਕਾਫੀ ਭੀੜੀ ਹੈ ਜਿਸ ਕਰਕੇ ਜਾਂਮ ਕਾਰਨ ਵੱਡੇ ਤਾਂ ਕੀ ਦੋ ਪਹੀਆ ਵਾਹਨ ਵੀ ਅੱਗੇ ਨਹੀਂ ਜਾ ਸਕਦੇ। ਪੁਲੀਸ ਵੱਲੋਂ ਸਿਰਸਾ ਅਤੇ ਰਤੀਆ ਹਰਿਆਣਾ ਵੱਲੋਂ ਆਉਣ ਵਾਲੇ ਵਾਹਨਾਂ ਦੀ ਲਗਾਤਾਰ ਕੀਤੀ ਜਾਂਦੀ ਤਲਾਸ਼ੀ ਕਾਰਨ ਇੱਥੋਂ ਗੁਜ਼ਰਨ ਵਾਲੇ ਵੱਡੇ ਵਾਹਨਾਂ ਨੂੰ ਵੀ ਕਾਫੀ ਸਮਾਂ ਉਡੀਕ ਕਰਨੀ ਪੈਂਦੀ ਹੈ। ਸਵੇਰ ਵਕਤ ਜਿਆਦਾ ਸੜਕੀ ਅਵਾਜਾਈ ਮੌਕੇ ਜਾਂਮ ਜਿਆਦਾ ਲੰਬੇ ਹੋ ਜਾਂਦੇ ਹਨ। ਜਾਂਮ ਲੱਗਣ ਕਰਕੇ ਮਾਨਸਾ, ਬਠਿੰਡਾ ਅਤੇ ਰਾਮਾ ਰਿਫਾਇਨਰੀ ਵੱਲੋਂ ਆ ਰਹੇ ਵੱਡੇ ਗੈਸ ਟੈਂਕਰ ਬਹੁਤੀ ਵਾਰ ਘੱਗਰ ਦੇ ਪੁਲ ’ਤੇ ਜਾਂਮ ’ਚ ਫਸ ਜਾਂਦੇ ਹਨ ਜਿਸ ਕਰਕੇ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ। ਜਿਕਰਯੋਗ ਹੈ ਕਿ ਸਰਦੂਲਗੜ੍ਹ ਕੋਲ ਬਣਿਆ ਘੱਗਰ ਦਾ ਪੁਲ ਕਾਫੀ ਸਮਾਂ ਪਹਿਲਾਂ ਦਾ ਨਕਾਰਾ ਕਰਾਰ ਦਿੱਤਾ ਹੋਇਆ ਹੈ। ਸੜਕ ਤੋਂ ਹਰ ਰੋਜ਼ ਕਈ ਕਈ ਵਾਰ ਗੁਜ਼ਰਨ ਵਾਲੇ ਵਾਹਨ ਚਾਲਕਾਂ ਅਤੇ ਨੇੜਲੀਆਂ ਦੁਕਾਨਾਂ ਵਾਲਿਆਂ ਨੇ ਦੱਸਿਆ ਕਦੇ ਕਦੇ ਤਾਂ ਨਾਕੇ ਕਾਰਨ ਘੱਗਰ ਦੇ ਪੁਲ ’ਤੇ ਇੱਕੋ ਵੇਲੇ ਤਿੰਨ ਤਿੰਨ ਟੈਂਕਰ ਫਸ ਜਾਂਦੇ ਹਨ। ਵਾਰ ਵਾਰ ਲੱਗਦੇ ਬਰੇਕਾਂ ਕਾਰਨ ਪੈਦਾ ਹੋਈ ਦਮਕ ਕਿਸੇ ਵੀ ਵੇਲੇ ਘੱਗਰ ਦੇ ਨਕਾਰਾ ਪੁਲ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।ਲੋਕਾਂ ਨੇ ਮੰਗ ਕੀਤੀ ਕਿ ਨਾਕੇ ਦੀ ਥਾਂ ਬਦਲੀ ਜਾਵੇ । ਜਦੋਂ ਇਸ ਨਾਕੇ ਸਬੰਧੀ ਡੀ ਐਸ ਪੀ ਸੰਜੀਵ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਇਹ ਅੰਤਰ ਰਾਜੀ ਨਾਕਾ ਹੈ। ਜੇਕਰ ਸਥਾਨਕ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਆ ਰਹੀ ਹੈ ਤਾਂ ਅਸੀਂ ਜਲਦੀ ਹੀ ਇਹ ਥਾਂ ਬਦਲ ਦਿਆਂਗੇ ਤਾਂ ਜੋ ਪੇਸ਼ ਆ ਰਹੀਆਂ ਪ੍ਰੇਸ਼ਾਨੀਆਂ ਨਾ ਆਉਣ।

Send this to a friend