ਅੰਮ੍ਰਿਤਸਰ, 25 ਫਰਵਰੀ (ਦਵਾਰਕਾ ਨਾਥ ਰਾਣਾ)- ਬੀਤੇ ਦਿਨੀ ਪਿੰਡ ਕਾਲੇ ਘਣੂਪੁਰ ਵਿਖੇ ਗੈਸੀ ਗੁਬਾਰੇ ਦਾ ਸਿ¦ਡਰ ਫੱਟਣ ਦੋਰਾਨ ਜਖ਼ਮੀ ਹੋਏ ਬੱਚਿਆਂ ਦਾ ਹਾਲ ਜਾਣਨ ਲਈ ਸ: ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਅਮਨਦੀਪ ਹਸਪਤਾਲ ਵਿਖੇ ਗਏ। ਜਿਥੇ ਉਨ੍ਹਾਂ ਨੇ ਹਾਦਸੇ ਵਿਚ ਜਖ਼ਮੀ ਹੋਏ ਬੱਚਿਆਂ ਦਾ ਹਾਲ ਚਾਲ ਪੁਛਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਰਾਜਕੁਮਾਰ ਵੇਰਕਾ ਵਿਧਾਇਕ ਹਲਕਾ ਪੱਛਮੀ, ਸ: ਕਰਮਜੀਤ ਸਿੰਘ ਰਿੰਟੂ ਮੇਅਰ ਅੰਮ੍ਰਿਤਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ ਵੀ ਸਨ। ਇਸ ਮੌਕੇ ਸ: ਸਿੱਧੂ ਨੇ ਕਿਹਾ ਕਿ ਹਾਦਸੇ ਵਿਚ ਜਖ਼ਮੀ ਹੋਏ ਵਿਅਕਤੀਆਂ ਦੇ ਇਲਾਜ ਦਾ ਪੂਰਾ ਖਰਚ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਹਾਦਸੇ ਦੌਰਾਨ ਜਿੰਨ੍ਹਾਂ ਜ਼ਖ਼ਮੀਆਂ ਦੇ ਅੰਗ ਨਹੀ ਰਹੇ ਉਨ੍ਹਾਂ ਨੂੰ ਸਰਕਾਰ ਵੱਲੋਂ ਬਣਾਵਟੀ ਅੰਗ ਵੀ ਮੁਹੱਈਆ ਕਰਵਾਏ ਜਾਣਗੇ। ਸ: ਸਿੱਧੂ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋ ਇਸ ਘਟਨਾ ਤੇ ਬਹੁਤ ਦੁੱਖ ਪ੍ਰਗਟਾਇਆ ਗਿਆ ਹੈ ਅਤੇ ਕਿਹਾ ਹੈ ਕਿ ਸਰਕਾਰ ਇਸ ਸੰਕਟ ਦੀ ਘੜੀ ਵਿਚ ਇੰਨ੍ਹਾਂ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਇੰਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਦਾ ਭਰੋਸਾ ਵੀ ਦਿੱਤਾ ਹੈ। ਇਸ ਮੌਕੇ ਸ਼੍ਰੀ ਰਾਜ ਕੁਮਾਰ ਵੈਰਕਾ ਹਲਕਾ ਵਿਧਾਇਕ ਪੱਛਮੀ ਨੇ ਵੀ ਜ਼ਖ਼ਮੀਆਂ ਦਾ ਹਾਲ ਚਾਲ ਪੁਛਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ ਜਾਵੇਗੀ।