ਲੋਕ ਨਿਰਮਾਣ ਵਿਭਾਗ ਨੇ ਖਾਨਾ ਪੂਰਤੀ ਕਰਦਿਆਂ ਸੜ੍ਹਕ ’ਤੇ ਬਜਰੀ ਖਿਲਾਰੀ

ਰਾਮਪੁਰਾ ਫੂਲ, 25 ਫਰਵਰੀ (ਮਨਪ੍ਰੀਤ ਸਿੰਘ ਗਿੱਲ)- ਨੇੜਲੇ ਪਿੰਡ ਕੋਟੜਾ ਤੋਂ ਰਾਮਪੁਰਾ ਲਿੰਕ ਰੋਡ ਦੀ ਭਾਰੀ ਵਾਹਨਾਂ ਕਾਰਨ ਟੁੱਟੀ ਸੜਕ ਨੂੰ ਸਹੀ ਢੰਗ ਨਾਲ ਠੀਕ ਕਰਨ ਦੀ ਬਜਾਇ ਲੋਕ ਨਿਰਮਾਣ ਵਿਭਾਗ ਨੇ ਲੀਪਾਪੋਚੀ ਕਰਦਿਆਂ ਸੜਕ ‘ਤੇ ਬਜਰੀ ਖਿਲਾਰ ਦਿੱਤੀ ਹੈ ਜਿਸ ਨਾਲ ਖਤਰਨਾਕ ਦੁਰਘਟਨਾਵਾਂ ਹੋਣ ਦਾ ਖਦਸ਼ਾ ਵਧ ਗਿਆ ਹੈ। ਜਿਕਰਯੋਗ ਹੈ ਕਿ ਰਾਮਪੁਰਾ ਫੂਲ ਦੇ ਰੇਲਵੇ ਫਾਟਕਾਂ ‘ਤੇ ਓਵਰਬ੍ਰਿੱਜ ਬਣਾਉਣ ਦਾ ਕੰਮ ਕਈ ਮਹੀਨੇ ਚਲਦੇ ਰਹਿਣ ਨਾਲ ਬਠਿੰਡਾ-ਬਰਨਾਲਾ ਹਾਈਵੇ ਦਾ ਰਾਹ ਬੰਦ ਹੋ ਗਿਆ ਸੀ ਅਤੇ ਵਿਭਾਗ ਵਲੋਂ ਹਲਕੇ ਵਾਹਨਾਂ ਲਈ ਰਾਮਪੁਰਾ ਤੋਂ ਬਠਿੰਡਾ ਜਾਣ ਲਈ ਪਿੰਡ ਕੋਟੜਾ ਕੋੜਾ ਵਿਚ ਦੀ ਰੂਟ ਦਿੱਤਾ ਗਿਆ ਸੀ। ਹਾਲਾਂਕਿ ਭਾਰੀ ਵਾਹਨ ਵੀ ਨਿੱਯਮਾਂ ਦੀਆਂ ਧੱਜੀਆਂ ਉਡਾ ਕੇ ਕੋਟੜਾ ਰੋਡ ਤੋਂ ਲੰਘਦੇ ਰਹੇ ਜਿਸ ਕਾਰਨ ਜਿਥੇ ਸੜਕ ਥਾਂ-ਥਾਂ ਤੋਂ ਟੁੱਟ ਗਈ ਉਥੇ ਪਿੰਡ ਦੇ ਘਰਾਂ ਦੀਆਂ ਕੰਧਾਂ, ਨਾਲੀਆਂ, ਪੁਲੀਆਂ ਵੀ ਨੁਕਸਾਨੀਆਂ ਗਈਆਂ। ਉਸ ਸਮੇਂ ਐਕਸੀਅਨ ਨੀਰਜ ਭੰਡਾਰੀ ਨੇ ਦੱਸਿਆ ਸੀ ਕਿ ਓਵਰਬ੍ਰਿੱਜ ਦਾ ਕੰਮ ਖਤਮ ਹੋਣ ਪਿਛੋਂ ਪਟੇਲ ਕੰਪਨੀ ਇਸ ਸੜਕ ਨੂੰ ਠੀਕ ਢੰਗ ਨਾਲ ਬਣਾ ਕੇ ਦੇਵੇਗੀ।
ਪਰ ਹੁਣ ਸੜਕ ‘ਤੇ ਸਿਰਫ ਬਜਰੀ ਖਿਲਾਰ ਕੇ ਕੰਪਨੀ ਵਲੋਂ ਬੁੱਤਾ ਸਾਰ ਦਿੱਤਾ ਗਿਆ ਹੈ। ਜਿਸ ਕਾਰਨ ਪਿੰਡਵਾਸੀਆਂ ‘ਚ ਦਿਨੋਂ ਦਿਨ ਰੋਹ ਵਧਦਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਆਗੂ ਮੋਠੂ ਸਿੰਘ ਕੋਟੜਾ ਕੇ ਕਿਹਾ ਕਿ ਸੜਕਾਂ ਦੇ ਕੰਮ ‘ਚ ਕਾਫੀ ਘਪਲਾ ਹੁੰਦਾ ਰਿਹਾ ਹੈ ਅਤੇ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ ਵਿਭਾਗ ਦੇ ਛੋਟੇ-ਵੱਡੇ ਅਧਿਕਾਰੀ ਪੈਸੇ ਛਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਲਈ 1 ਸਾਲ ਤੱਕ ਇਸ ਰੋਡ ਦੀ ਵਰਤੋਂ ਹੁੰਦੀ ਰਹੀ ਸੋ ਹੁਣ ਵਿਭਾਗ ਇਹ ਸੜਕ ਪੂਰੀ ਮੁਕੰਮਲ ਕਰਵਾ ਕੇ ਦੇਵੇ।
ਕੀ ਕਹਿੰਦੇ ਨੇ ਐਕਸੀਅਨ- ਜਦ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨੀਰਜ ਭੰਡਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਟੇਲ ਕੰਪਨੀ ਵਲੋਂ ਸੜਕ ਠੀਕ ਕਰਾਉਣ ਦੀ ਜੁੰਮੇਵਾਰੀ ਲਿਖਤੀ ਰੂਪ ਚ ਦਿੱਤੀ ਗਈ ਅਤੇ ਜੇਕਰ ਉਹ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੇ ਤਾਂ ਉਹ ਖੁਦ ਜਾਂਚ ਕਰਵਾ ਕੇ ਅਗਲੀ ਕਾਰਵਾਈ ਕਰਨਗੇ।

Send this to a friend