ਫ਼ਤਿਹਗੜ੍ਹ ਸਾਹਿਬ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਮਾਤਾ ਗੁਜਰੀ ਕਾਲਜ ਦੇ ਜੌਗਰਫੀ ਵਿਭਾਗ ਵੱਲੋਂ ਭਾਰਤ ਦੀਆਂ ਅੰਤਰਰਾਸ਼ਟਰੀ ਸੀਮਾਵਾਂ ਦੇ ਪਰਿਪੇਖ ਵਿੱਚ ਬਦਲਦੀਆਂ ਭੂ-ਰਾਜਨੀਤਿਕ ਪ੍ਰਸਥਿਤੀਆਂ ਵਿਸ਼ੇ ਉਪਰ ਪਬਲਿਕ ਲੈਕਚਰ ਆਯੋਜਿਤ ਕੀਤਾ ਗਿਆ। ਨੈਸ਼ਨਲ ਡੀਫੈਂਸ ਅਕਾਦਮੀ (ਐਨ.ਡੀ.ਏ) ਖਡਕਵਾਸਲਾ, ਪੁਣੇ ਦੇ ਜੌਗਰਾਫੀ ਵਿਭਾਗ ਦੇ ਡਾ.ਹਰਪ੍ਰੀਤ ਸਿੰਘ ਨੇ ਭਾਰਤੀ ਸੀਮਾਵਾਂ ਦੀਆਂ ਉਭਰਦੀਆਂ ਚਣੌਤੀਆਂ ਉਪਰ ਖੋਜ ਅਧਾਰਿਤ ਅਤੇ ਰਣਨੀਤਿਕ ਸੰਦਰਭ ਦੇ ਪੱਖ ਤੋਂ ਬੋਲਦਿਆਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਵੱਲੋਂ ਅੰਤਰਰਾਸ਼ਟਰੀ ਸਰਹੱਦ ਉਪਰ ਨਿਰੰਤਰ ਵੱਧ ਰਹੀ ਦਖਲ-ਅੰਦਾਜੀ ਅਸਲ ਵਿੱਚ ਭਾਰਤ ਦੀ ਵੱਧ ਰਹੀ ਸੈਨਿਕ ਸ਼ਕਤੀ ਦਾ ਪ੍ਰਤੀਕਰਮ ਹੈ। ਚੀਨ ਵੱਲੋਂ ਹਿੰਦ ਮਹਾਂਸਾਗਰ ਵਿੱਚ ਵਧਾਈਆ ਜਾ ਰਹੀਆਂ ਫੌਜੀ ਮਸ਼ਕਾਂ ਨੇ ਭਾਰਤੀ ਨੇਵੀ ਅਤੇ ਏਅਰ ਫੋਰਸ ਨੂੰ ਨਵੀਂ ਰਣਨੀਤੀ ਘੜਨ ਦੇ ਅਵਸਰ ਪ੍ਰਦਾਨ ਕੀਤੇ ਹਨ। ਸਿਆਚਿਨ ਜੰਗੀ ਮੈਦਾਨ ਦੇ ਸੰਬੰਧ ਵਿੱਚ ਤੱਥ ਪੇਸ਼ ਕਰਦਿਆਂ ਡਾ.ਹਰਪ੍ਰੀਤ ਨੇ ਦੱਸਿਆ ਕਿ ਇਸ ਖਿੱਤੇ ਨੂੰ ਕਬਜੇ ਵਿੱਚ ਰੱਖਣ ਲਈ ਦੇਸ਼ ਨੂੰ ਹਰ ਸਾਲ ਆਪਣੇ ਅਨੇਕ ਫੌਜੀਆਂ ਦੀਆਂ ਬੇਸ਼ਕੀਮਤੀ ਜਾਨਾਂ ਵਾਰਨੀਆਂ ਪੈਦੀਆਂ ਹਨ ਅਤੇ 200 ਮਿਲੀਅਨ ਅਮਰੀਕੀ ਡਾਲਰ ਦਾ ਬਜਟ ਖਰਚ ਕਰਨਾ ਪੈਂਦਾ ਹੈ। ਡੋਕਲਾਮ ਵਿਵਾਦ ਉਪਰ ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਰਿਸੋਰਸ ਪਰਸਨ ਨੇ ਕਿਹਾ ਕਿ ਚੀਨ ਨੂੰ ਇਸ ਸੈਕਟਰ ਵਿੱਚ ਭਾਰਤ ਹੱਥੋਂ ਮਾਤ ਖਾਣੀ ਪਈ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਸ਼ਾਖ ਹੋਰ ਮਜਬੂਤ ਹੋਈ ਹੈ। ਕਾਲਜ ਦੇ ਡਾਇਰੈਟਰ-ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਮਸਲਿਆਂ ਉਪਰ ਵਿਦਵਾਨਾਂ ਦੇ ਪਬਲਿਕ ਲੈਕਚਰ ਵਿਦਿਆਰਥੀਆਂ ਲਈ ਰਾਸ਼ਟਰੀ ਪੱਧਰ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਲਾਹੇਵੰਦ ਸਿੱਧ ਹੁੰਦੇ ਹਨ। ਇਸ ਮੌਕੇ ਵਾਇਸ ਪ੍ਰਿਸੀਪਲ ਪ੍ਰੋ. ਹਰਵੀਨ ਕੌਰ, ਡੀਨ ਅਕਾਦਮਿਕ ਪ੍ਰੋ. ਬਿਕਰਮਜੀਤ ਸਿੰਘ ਸੰਧੂ, ਜੌਗਰਫੀ ਵਿਭਾਗ ਦੇ ਮੁਖੀ ਪ੍ਰੋ. ਅਨੁਪ੍ਰੀਤ ਸਿੰਘ ਟਿਵਾਣਾ, ਪ੍ਰੋ. ਨਵਦੀਪ ਕੌਰ, ਪ੍ਰੋ. ਸਤਪ੍ਰੀਤ ਕੌਰ, ਡਾ. ਸਤਨਾਮ ਸਿੰਘ, ਡਾ. ਇੰਦਰਪ੍ਰੀਤ ਸਿੰਘ, ਡਾ. ਅਮਿਤ ਕੁਮਾਰ, ਪ੍ਰੋ. ਕਰਮਪਾਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।