ਹੋਲੇ-ਮਹੱਲੇ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ : ਮੈਨੇਜਰ ਰਣਜੀਤ ਸਿੰਘ

ਸ੍ਰੀ ਅਨੰਦਪੁਰ ਸਾਹਿਬ, 22 ਫਰਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਸਿੱਖਾਂ ਦਾ ਕੌਮੀ ਤਿਓੁਹਾਰ ਹੋਲਾ ਮਹੱਲਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ 25 ਮਾਰਚ ਭਲਕੇ ਤੋਂ 27 ਮਾਰਚ ਤੱਕ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ 28 ਫਰਵਰੀ ਤੋਂ 2 ਮਾਰਚ ਤੱਕ ਹਰ ਸਾਲ ਦੀ ਤਰਾਂ ਇਸ ਵਾਰ ਵੀ ਬੜੀ ਹੀ ਸ਼ਾਨੌ ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਧੀਨ ਆਉਂਦੇ ਸਮੂਹ ਗੁਰਦੁਆਰਾ ਸਹਿਬਾਨ ਨੂੰ ਰੰਗ ਰੋਗਨ ਕਰਵਾਉਣ ਦੀ ਕਾਰਸੇਵਾ ਜੰਗੀ ਪੱਧਰ ਤੇ ਜਾਰੀ ਹੈ। ਜਦਕਿ ਮੁਰੰਮਤ ਆਦਿ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਇਸਤੋਂ ਇਲਾਵਾ ਸਾਰੇ ਗੁਰਦੁਆਰਿਆਂ ਨੂੰ ਸੁੰਦਰ ਰੌਸ਼ਨੀਆਂ ਨਾਲ ਸਜਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸ਼ਰਧਾਲੂਆਂ ਦੀ ਰਿਹਾਇਸ਼ ਦੇ ਲਈ ਵੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਅਤੇ ਲੰਗਰ ਆਦਿ ਦੇ ਲਈ ਵੀ ਸਾਰੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਦੂਰ ਦੂਰਾਡਿਉਂ ਆਉਣ ਵਾਲੀਆਂ ਸੰਗਤਾਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਇਹਨਾਂ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾਂ ਹੋਵੇ।

Send this to a friend