95 ਵਾਰਡਾਂ ਲਈ 494 ਉਮੀਦਵਾਰ ਮੈਦਾਨ ’ਚ ਝ ਸ਼ਹਿਰ ’ਚ ਧਾਰਾ 144 ਲਾਗੂ
ਲੁਧਿਆਣਾ, 22 ਫਰਵਰੀ- ਲੁਧਿਆਣਾ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਵੀਰਵਾਰ ਸ਼ਾਮ 4 ਵਜੇ ਬੰਦ ਹੋ ਗਿਆ। ਹੁਣ ਨਾ ਤਾਂ ਕੋਈ ਐਲਾਨ ਹੋਵੇਗਾ ਅਤੇ ਨਾ ਹੀ ਕੋਈ ਵੋਟਾਂ ਮੰਗਣ ਦੀ ਅਪੀਲ। ਲੁਧਿਆਣਾ ਨਿਗਮ ਚੋਣਾਂ ਲਈ ਵੋਟਾਂ 24 ਫਰਵਰੀ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਵੋਟਾਂ ਨੂੰ ਧਿਆਨ ਵਿੱਚ ਰੱਖ ਕੇ ਪ੍ਰਸ਼ਾਸਨ ਨੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿੱਤਾ ਹੈ। ਇਹ ਧਾਰਾ ਲਾਗੂ ਹੋਣ ਕਾਰਨ ਹੁਣ ਪੰਜ ਤੋਂ ਜ਼ਿਆਦਾ ਲੋਕ ਕਿਸੇ ਦੇ ਘਰਾਂ ਵਿਚ ਨਹੀਂ ਜਾ ਸਕਣਗੇ।ਨਗਰ ਨਿਗਮ ਦੇ 95 ਵਾਰਡਾਂ ਦੇ ਨੁਮਾਇੰਦਿਆਂ ਦੀ ਚੋਣ ਲਈ ਕੁਲ 494 ਉਮੀਦਵਾਰ ਮੈਦਾਨ ਵਿਚ ਹਨ
ਚੋਣਾਂ ’ਚ ਕਾਂਗਰਸ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਾਰੀਆਂ 95 ਸੀਟਾਂ ’ਤੇ ਚੋਣ ਲੜ ਰਹੇ ਹਨ। 209 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਨਿਗਮ ਲੁਧਿਆਣਾ ਵਿਚ ਤਕਰੀਬਨ 10.50 ਲਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚੋਂ ਤਕਰੀਬਨ 5.67 ਲਖ ਪੁਰਸ਼, 4.82 ਲਖ ਇਸਤਰੀਆਂ ਤੇ 23 ਤੀਸਰਾ ਲਿੰਗ ਹਨ। ਜ਼ਿਲ੍ਹਾ ਚੋਣ ਅਫ਼ਸਰ-ਸਹਿ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣ ਅਮਲੇ ਨਾਲ ਗਲਬਾਤ ਕੀਤੀ ਤੇ ਕੁਝ ਨਿਰਦੇਸ਼ ਵੀ ਦਿਤੇ। ਉਨ੍ਹਾਂ ਦਸਿਆ ਕਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਦੀ ਰਿਟਰਨਿੰਗ ਅਫ਼ਸਰ ਵਲੋਂ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਜੇਕਰ ਕੋਈ ਉਮੀਦਵਾਰ ਆਪਣੇ ਪਧਰ ’ਤੇ ਵੀਡੀਓਗ੍ਰਾਫੀ ਕਰਵਾਉਣੀ ਚਾਹੇਗਾ ਤਾਂ ਉਹ ਬਕਾਇਦਾ ਰਿਟਰਨਿੰਗ ਅਫ਼ਸਰ ਤੋਂ ਲਿਖ਼ਤੀ ਪ੍ਰਵਾਨਗੀ ਲੈ ਕੇ ਹੀ ਪੋਲਿੰਗ ਸਟੇਸ਼ਨ ਦੇ ਬਾਹਰੋਂ ਇਕ ਕੈਮਰੇ ਨਾਲ ਵੀਡੀਓਗ੍ਰਾਫੀ ਕਰਵਾ ਸਕਦਾ ਹੈ। ਵੀਡੀਓਗ੍ਰਾਫੀ ਦਾ ਖਰਚਾ ਸਬੰਧਤ ਉਮੀਦਵਾਰ ਦੇ ਚੋਣ ਖ਼ਰਚ ਵਿਚ ਦਰਜ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਨਗਰ ਨਿਗਮ ਲੁਧਿਆਣਾ ਅਧੀਨ ਆਉਂਦੇ ਖੇਤਰਾਂ ਵਿਚ ਕੁਲ 1153 ਪੋਲਿੰਗ ਬੂਥ ਬਣਾਏ ਗਏ ਹਨ। 24 ਤੋਂ 27 ਫਰਵਰੀ ਤਕ ਬਿਜਲਈ ਵੋਟਿੰਗ ਮਸ਼ੀਨਾਂ ਦੀ ਸੰਭਾਲ ਲਈ 9 ਜਗ੍ਹਾ ਤੇ 9 ਸਟਰਾਂਗ ਰੂਮ ਤਿਆਰ ਕੀਤੇ ਗਏ ਹਨ, ਜਿਨ੍ਹਾਂ ‘ਤੇ 24 ਘੰਟੇ ਨਿਗਰਾਨੀ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ। ਇਹ ਕੈਮਰੇ ਵਾਈ-ਫਾਈ ਸਹੂਤਲ ਯੁਕਤ ਹੋਣਗੇ, ਜਿਨ੍ਹਾਂ ਨੂੰ ਚੋਣ ਅਧਿਕਾਰੀ ਤੇ ਉਮੀਦਵਾਰ ਪਾਸਵਰਡ ਲਗਾ ਕੇ ਕਿਸੇ ਵੀ ਜਗ੍ਹਾ ਤੋਂ ਦੇਖ ਸਕਣਗੇ। ਵੋਟਾਂ ਦੀ ਗਿਣਤੀ 27 ਫਰਵਰੀ ਨੂੰ ਹੋਵੇਗੀ।ਲੁਧਿਆਣਾ ਨਗਰ ਨਿਗਮ ਚੋਣਾਂ ’ਚ ਇਸ ਵਾਰ ਨਿਗਮ ਚੋਣਾਂ ਦੇ ਸਾਰੇ ਸਮੀਕਰਨ ਬਦਲ ਜਾਣ ਦੀ ਵੀ ਸੰਭਾਵਨਾ ਹੈ।