May 10, 2026 12:42 am

ਮੇਰੀ ਨਿੱਜੀ ਡਾਇਰੀ ਦੇ ਪੰਨੇ-12

ਮੈਂ 31 ਦਸੰਬਰ 2017 ਨੂੰ ਯੂਨੀਵਰਸਿਟੀ ਅਧਿਆਪਕ ਦੀ 36 ਵਰ੍ਹਿਆਂ ਦੀ ਸੇਵਾ ਤੋਂ ਬਾਅਦ ਰਿਟਾਇਰ ਹੋਇਆ ਸੀ। ਅਜੇ ਮੈਨੂੰ ਸੇਵਾ ਮੁਕਤ ਹੋਏ ਨੂੰ ਦੋ ਮਹੀਨੇ ਵੀ ਨਹੀਂ ਹੋਏ। ਸੱਚੀ ਗੱਲ ਤਾਂ ਇਹ ਹੈ ਕਿ ਮੈਨੂੰ ਸੇਵਾ ਮੁਕਤੀ ਦਾ ਅਹਿਸਾਸ ਵੀ ਨਹੀਂ ਹੋਇਆ ਕਿਉਂਕਿ ਮੇਰੇ ਪੁਰਾਣੇ ਮਿੱਤਰ ਅਤੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਨੇ ਇੰਨੇ ਮਾਣ ਨਾਲ ਪੇਸ਼ਕਸ਼ ਕੀਤੀ ਅਤੇ ਮੈਂ ਠੁਕਰਾ ਨਾ ਸਕਿਆ। ਅੱਜ ਕੱਲ੍ਹ ‘ਚੜ੍ਹਦੀ ਕਲਾ ਟਾਇਮ ਟੀਵੀ’ ਤੋਂ ਰੋਜ਼ਾਨਾ ਦੋ ਪ੍ਰੋਗਰਾਮ ਕਰ ਰਿਹਾ ਹਾਂ। ਪਹਿਲਾ ਸਵੇਰੇ ਪੌਣੇ ਨੌਂ ਵਜੇ ‘ਖਬਰ ’ਤੇ ਨਜ਼ਰ’ ਅਤੇ ਦੂਜਾ ਸ਼ਾਮ ਨੂੰ ਪੌਣੇ ਛੇ ਵਜੇ ‘ਚਰਚਾ’ ਇਨ੍ਹਾਂ ਦੋਵਾਂ ਪ੍ਰੋਗਰਾਮਾਂ ਕਾਰਨ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਬਿਜ਼ੀ ਹੋ ਗਿਆ ਹਾਂ। ਇਸ ਕਾਰਨ ਕਈ ਵਾਰ ਮੇਰੇ ਵੱਲੋਂ ਪਿਛਲੇ ਇਕ ਵਰ੍ਹੇ ਤੋਂ ਵੀ ਵੱਧ ਸਮੇਂ ਲਿਖਿਆ ਜਾ ਰਿਹਾ ਰੋਜ਼ਾਨਾ ਕਾਲਮ ‘ਅੱਜ ਦੀ ਗੱਲ’ ਵੀ ਨਹੀਂ ਲਿਖ ਹੁੰਦਾ। ਜਿਸ ਦਿਨ ਕਾਲਮ ਮੈਂ ਨਹੀਂ ਲਿਖਦਾ, ਉਸ ਦਿਨ ਪੁਰਾਣੇ ਲਿਖੇ ਕਾਲਮ ਨੂੰ ਭੇਜ ਦਿੰਦਾ ਹਾਂ। ਕਾਲਮ ਨਾ ਲਿਖ ਸਕਣ ਦਾ ਦੂਜਾ ਕਾਰਨ ਇਹ ਵੀ ਹੈ ਕਿ ਮੈਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਾਲਾ ਘਰ ਖਾਲੀ ਕਰਕੇ ਅਰਬਨ ਅਸਟੇਟ ਪਟਿਆਲਾ ਵਿਖੇ ਬਣੇ ਆਪਣੇ ਘਰ ਵਿੱਚ ਜਾਣਾ ਚਾਹੁੰਦਾ ਹਾਂ। ਉਸ ਕੰਮ ਵਿੱਚ ਵੀ ਵਕਤ ਚਾਹੀਦਾ ਹੈ। ਸੋ ਮੈਂ ਸੇਵਾ ਮੁਕਤ ਹੋ ਕੇ ਵੀ ਜ਼ਿਆਜ਼ਾ ਰੁਝ ਗਿਆ ਹਾਂ। ਅਕਸਰ ਲੋਕ ਸਵਾਲ ਕਰਦੇ ਹਨ ‘‘ਰਿਟਾਇਰ ਹੋ ਕੇ ਕੈਸਾ ਫੀਲ ਕਰਦੇ ਹੋ?’’
‘‘ਮੈਂ ਰਿਟਾਇਰ ਹੋਇਆ ਹੀ ਨਹੀਂ, ਪਹਿਲਾਂ ਮੈਂ ਪਾਰਟ ਟਾਇਮ ਜਰਨਲਿਸਟ ਸੀ ਹੁਣ ਮੈਂ ਫੁਲ ਟਾਇਮ ਜਰਨਲਿਸਟ ਬਣ ਗਿਆ ਹਾਂ’’ ਮੈਂ ਹੱਸ ਕੇ ਜਵਾਬ ਦਿੰਦਾ ਹਾਂ।
‘‘ਉਹ ਤਾਂ ਠੀਕ ਹੈ ਪਰ ਰਿਟਾਇਰਮੈਂਟ ਤੋਂ ਬਾਅਦ ਲੋਕਾਂ ਦੇ ਵਿਵਹਾਰ ਵਿੱਚ ਕੋਈ ਤਬਦੀਲੀ ਦੇਖੀ’’ ਦੋਸਤਾਂ ਦਾ ਅਗਲਾ ਸਵਾਲ ਹੁੰਦਾ ਹੈ।
‘‘ਹਾਂ, ਤਬਦੀਲੀ ਤਾਂ ਦੇਖੀ, ਪਹਿਲਾਂ ਜਦੋਂ ਨਵਾਂ ਸਾਲ ਚੜ੍ਹਦਾ ਸੀ ਤਾਂ ਕੈਲੰਡਰਾਂ ਅਤੇ ਡਾਇਰੀਆਂ ਦੇ ਤੋਹਫੇ ਇੰਨੀ ਕੁ ਗਿਣਤੀ ਵਿੱਚ ਮਿਲ ਜਾਂਦੇ ਸਨ ਕਿ ਹੋਰਨਾਂ ਦੋਸਤਾਂ ਨੂੰ ਚੁਕਾਉਣੀਆਂ ਪੈਂਦੀਆਂ ਸਨ ਪਰ ਇਸ ਵਾਰ ਕੋਈ ਕਾਲਜ ਵਾਲਾ, ਕੋਈ ਕਿਤਾਬਾਂ ਵਾਲਾ ਜਾਂ ਉਹ ਜਿਹੜੇ ਪਿਛਲੇ ਕਈ ਵਰ੍ਹਿਆਂ ਤੋਂ ਸਭ ਤੋਂ ਪਹਿਲਾਂ ਨਵਾਂ ਸਾਲ ਮੁਬਾਰਕ ਕਹਿਣ ਆਉਂਦੇ ਸਨ, ਇਸ ਵਾਰ ਨਾ ਉਹ ਆਪ ਆਏ ਨਾ ਉਨ੍ਹਾਂ ਦੀ ਡਾਇਰੀ ਆਈ ਅਤੇ ਨਾ ਹੀ ਕੈਲੰਡਰ ਆਇਆ। ਹੋਰ ਤਾਂ ਹੋਰ ਨਵੇਂ ਸਾਲ ’ਤੇ ਮਿਲਣ ਵਾਲੇ ਕਾਰਡਾਂ ਦੀ ਗਿਣਤੀ ਵੀ ਅੱਧੀ ਰਹਿ ਗਈ।’’ ਮੈਂ ਪੂਰੇ ਵਿਸਥਾਰ ਨਾਲ ਲੋਕਾਂ ਦੇ ਵਿਵਹਾਰ ਵਿੱਚ ਆਈ ਤਬਦੀਲੀ ਦਾ ਜ਼ਿਕਰ ਬੜੀ ਇਮਾਨਦਾਰੀ ਨਾਲ ਕਰਦਾ ਹਾਂ।
‘‘ਅਜੇ ਤਾਂ ਉਦੋਂ ਪਤਾ ਲਗੂ ਜਦੋਂ ਤੁਹਾਡੇ ਚਹੇਤਿਆਂ ਅਤੇ ਪਿਆਰਿਆਂ ਨੇ ਰੰਗ ਦਿਖਾਉਣੇ ਸ਼ੁਰੂ ਕੀਤੇ’’ ਇਕ ਮਿੱਤਰ ਨੇ ਟਿੱਪਣੀ ਕੀਤੀ ਸੀ।
‘‘ਵੇਖੋ, ਮੈਨੂੰ ਦੁਨੀਆਂ ਦੀ ਤਾਂ ਕੋਈ ਪ੍ਰਵਾਹ ਨਹੀਂ, ਹਾਂ, ਪਰ ਜੇ ‘ਸੱਜਣਾਂ ਨੇ ਫੁੱਲ ਮਾਰਿਆ ਤਾਂ ਸੱਚ-ਮੁੱਚ ਹੀ ਰੂਹ ਅੰਬਰਾਂ ਤੱਕ ਰੋਊ’’ ਮੈਂ ਵੀ ਉਸ ਤਰਜ਼ ’ਤੇ ਜਵਾਬ ਦਿੰਦਾ ਹਾਂ।
ਉਂਜ ਮੈਂ ਸਮਝਦਾ ਹਾਂ ਕਿ ਸੇਵਾਮੁਕਤੀ ਕਿਸੇ ਵੀ ਬੰਦੇ ਦੀ ਇਕ ਵੱਡੀ ਪਾਰੀ ਦਾ ਖਾਤਮਾ ਹੁੰਦਾ ਹੈ ਅਤੇ ਉਸ ਦੀ ਤੀਜੀ ਅਤੇ ਆਖਰੀ ਪਾਰੀ ਦੀ ਸ਼ੁਰੂਆਤ ਹੁੰਦੀ ਹੈ। ਜਿਵੇਂ ਕਿਸੇ ਨੇ ਕਿਹਾ ਸੀ ਕਿ ਜ਼ਿੰਦਗੀ ਦੀ ਬਾਜ਼ੀ ਵਿੱਚ ਤੁਹਾਡਾ ਹੱਥ ਨਹੀਂ ਹੁੰਦਾ ਹੈ ਕਿ ਤਾਸ਼ ਦੀ ਬਾਜ਼ੀ ਵਾਂਗ ਤੁਹਾਨੂੰ ਕਿਹੜੇ ਪੱਤੇ ਮਿਲਦੇ ਹਨ ਪਰ ਜੋ ਪੱਤੇ ਤੁਹਾਨੂੰ ਮਿਲ ਜਾਂਦੇ ਹਨ ਉਨ੍ਹਾਂ ਨੂੰ ਖੇਡਣਾ ਕਿਵੇਂ ਹੈ, ਇਹ ਤਾਂ ਤੁਹਾਡੇ ਹੱਥ ਹੁੰਦਾ ਹੈ। ਮੇਰੇ ਖਿਆਲ ਵਿੱਚ ਇਸ ਆਖਰੀ ਪਾਰੀ ਨੂੰ ਵੀ ਪੂਰੇ ਉਤਸ਼ਾਹ, ਹੌਂਸਲੇ ਅਤੇ ਹਿੰਮਤ ਨਾਲ ਖੇਡਣ ਦੀ ਲੋੜ ਹੁੰਦੀ ਹੈ। ਕਿਸੇ ਵੀ ਨੌਕਰੀ ਖਤਮ ਹੋਣ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ, ਸਗੋਂ ਇਹ ਤਾਂ ਉਹ ਮੌਕਾ ਹੁੰਦਾ ਹੈ ਜਦੋਂ ਤੁਸੀਂ ਖੁਲ੍ਹ ਕੇ ਖੇਡ ਸਕਦੇ ਹੋ। ਇਹ ਪਾਰੀ ਇਸ ਤਰ੍ਹਾਂ ਖੇਡੋ ਕਿ ਤੁਹਾਨੂੰ ਖੇਡਕੇ ਅਨੰਦ ਆਵੇ ਅਤੇ ਵੇਖਣ ਵਾਲਿਆਂ ਨੂੰ ਵੇਖਕੇ। ਇੰਨੀਆਂ ਕੁ ਦੌੜਾਂ ਬਣਾਓ ਕਿ ਉਸ ਨਾਲ ਸਮਾਜ ਨੂੰ ਵੀ ਕੋਈ ਫਾਇਦਾ ਹੋਵੇ। ਇਹ ਪਾਰੀ ਸਮਾਜ ਨੂੰ ਦੇਣ ਦੀ ਆਖਰੀ ਪਾਰੀ ਹੋਣੀ ਚਾਹੀਦੀ ਹੈ।

Send this to a friend