ਨਵੀਂ ਦਿੱਲੀ, 1 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਜਪਤ ਨਗਰ ਵਿੱਚ ਅਰੁਣਾਚਲ ਪ੍ਰਦੇਸ਼ ਦੇ ਇੱਕ ਵਿਧਾਇਕ ਦੇ ਬੇਟੇ ਦੀ ਕਥਿਤ ਤੌਰ ’ਤੇ ਕੁੱਟਮਾਰ ਕਾਰਣ ਹੋਈ ਹੱਤਿਆ ਦੇ ਮਾਮਲੇ ਵਿੱਚ ਪੂਰਬ-ਉੱਤਰ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਇੱਥੇ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਵਿਧਾਇਕ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵਿੱਚ ਸੰਸਦੀ ਸਕੱਤਰ ਨਿਦੋ ਪਵਿੱਤਰ ਦੇ ਪੁੱਤਰ ਨਿਦੋ ਤਾਨੀਆ ਦੀ ਕੁਝ ਦੁਕਾਨਦਾਰਾਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਜ਼ਿਕਰਯੋਗ ਹੈ ਕਿ ਦੁਕਾਨਦਾਰਾਂ ਨੇ ਨਿਦੋ ਦੇ ਵਾਲਾਂ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਬਹਿਸ ਦੌਰਾਨ ਉਨ੍ਹਾਂ ਲੋਕਾਂ ਨੇ ਨਿਦੋ ਦੀ ਕੁੱਟਮਾਰ ਕੀਤੀ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਨੂੰ ਲਾਜਪਤ ਨਗਰ-1 ਬਾਜ਼ਾਰ ਵਿੱਚ
ਬੁੱਧਵਾਰ ਦੁਪਹਿਰ ਨੂੰ ਹੋਈ ਸੀ। ਵਿਦਿਆਰਥੀ ਦੀ ਹੱਤਿਆ ਕੀਤੇ ਜਾਣ ਦੇ ਵਿਰੋਧ ਵਿੱਚ ਪ੍ਰਦਰਸ਼ਕਾਰੀਆਂ ਨੇ ਕਿਹਾ, ‘ਪੁਲਿਸ ਨੂੰ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਅਸੀਂ ਦੋਸ਼ੀਆਂ ਨੂੰ ਜੇਲ੍ਹ ਭੇਜੇ ਜਾਣ ਤੱਕ ਚੁੱਪ ਨਹੀਂ ਬੈਠਾਂਗੇ।’ ਇਸ ਮੁੱਦੇ ਦੇ ਭੜਕੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਲਾਜਪਤ ਨਗਰ ਪੁਲਿਸ ਥਾਣੇ ਦਾ ਘੇਰਾਵ ਕੀਤਾ ਅਤੇ ਪੁਲਿਸ ਵਿਰੁੱਧ ਨਾਅਰੇ ਲਾਏ। ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ-302 ਅਧੀਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਮੈਜਿਸਟ੍ਰੇਟ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪੂਰਬ-ਉੱਤਰ ਦੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਅਧਿਕਾਰਾਂ ਲਈ ਲੜਾਈ ਲੜਦੇ ਰਹਾਂਗੇ। ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਅਸੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਨਿਆ ਦੀ ਮੰਗ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਇਸ ਮਾਮਲੇ ਨਾਲ ਜਾਗਣਗੇ ਅਤੇ ਇਸ ਮੁੱਦੇ ’ਤੇ ਗੌਰ ਕਰਨਗੇ। ਪੂਰਬ-ਉੱਤਰ ਦੇ ਵਰਕਰਾਂ ਅਤੇ ਲੋਕਾਂ ਨੇ ਇਸ ਹਮਲੇ ਨੂੰ ਨਕਸਲੀ ਹਮਲਾ ਕਰਾਰ ਦਿੱਤਾ।