May 10, 2026 12:58 pm

ਮੰਡੀ ਕਲਾਂ ਦੇ ਲਾਪਤਾ ਨੌਜਵਾਨ ਦਾ ਦੋਸਤ ਵੱਲੋਂ ਕਤਲ

ਰਾਮਪੁਰਾ ਫੂਲ, 20 ਫਰਵਰੀ (ਮਨਪ੍ਰੀਤ ਸਿੰਘ ਗਿੱਲ)-ਮੰਡੀ ਕਲਾਂ ਤੋਂ ਆਪਣੇ ਪਿਤਾ ਦੀ ਲਾਇਸੰਸੀ ਰਾਈਫਲ ਲੈ ਕੇ ਲਾਪਤਾ ਹੋਏ ਨੌਜਵਾਨ ਦੇ ਮਾਮਲਾ ‘ਚ ਅੱਜ ਉਦੋਂ ਨਵਾਂ ਮੋੜ ਆਇਆ ਜਦ ਉਕਤ ਨੌਜਵਾਨ ਦੇ ਦੋਸਤ ਵਲੋਂ ਹੀ ਉਸ ਦੇ ਕਤਲ ਕਰ ਦੇਣ ਦਾ ਖੁਲਾਸਾ ਹੋਇਆ। ਲਖਵਿੰਦਰ ਸਿੰਘ ਵਾਸੀ ਫਤਿਹਗੜ ਨੋਆਬਾਦ ਵਲੋਂ ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਿਕ ਉਕਤ ਨੌਜਵਾਨ ਗੁਰਪ੍ਰੀਤ ਸਿੰਘ(16 ਸਾਲ) ਦਾ ਕਤਲ ਫੂਲ ਪਿੰਡ ਦੇ ਮਨਪ੍ਰੀਤ ਸਿੰਘ ਮਨੀ ਨੇ ਕੀਤਾ ਹੈ ਜੋ ਕਿ ਫੌਜ ਵਿਚੋਂ ਭਗੌੜਾ ਦੱਸਿਆ ਜਾ ਰਿਹਾ ਹੈ। ਹੁਣ ਮਨਪ੍ਰੀਤ ਪੁਲੀਸ ਕੋਲ ਪੇਸ਼ ਹੋਣਾ ਚਾਹੁੰਦਾ ਹੈ ਅਤੇ ਉਸੇ ਨੇ ਮੈਨੂੰ (ਲਖਵਿੰਦਰ ਸਿੰਘ) ਇਹ ਸਾਰੀ ਜਾਣਕਾਰੀ ਦਿੱਤੀ ਹੈ। ਲਖਵਿੰਦਰ ਸਿੰਘ ਦੇ ਬਿਆਨ ਅਨੁਸਾਰ 15-16 ਫਰਵਰੀ ਦੀ ਦਰਮਿਆਨੀ ਰਾਤ ਨੂੰ ਮਨਪ੍ਰੀਤ ਨੇ ਗੁਰਪ੍ਰੀਤ ਨੂੰ ਮੰਡੀ ਕਲਾਂ ਦੀ ਪਿੱਥੋ ਰੋਡ ਤੋਂ ਆਪਣੀ ਸਵਿਫਟ ਕਾਰ ਵਿਚ ਬੈਠਾ ਲਿਆ ਅਤੇ ਫੂਲ ਤੋਂ ਧਿੰਗੜ ਰੋਡ ਦੀ ਕਿਸੇ ਮੋਟਰ ਤੇ ਲੈਜਾ ਕੇ ਗੁਰਪ੍ਰੀਤ ਵਲੋਂ ਆਪਣੇ ਘਰੋਂ ਚੋਰੀ ਕੀਤੀ ਰਾਈਫਲ ਨਾਲ ਹੀ ਉਸ ਦਾ ਕਤਲ ਕਰ ਦਿੱਤਾ। ਉਪਰੰਤ ਉਸ ਦੀ ਲਾਸ਼ ਨੂੰ ਘਰਾਟਾਂ ਵਾਲੀ ਨਹਿਰ ‘ਚ ਸੁੱਟ ਦਿੱਤਾ। ਇਸ ਸਬੰਧੀ ਕੇਸ ਦੇ ਤਫਤੀਸ਼ੀ ਅਫਸਰ ਐਸ.ਐਚ.ਓ. ਸੰਦੀਪ ਭਾਟੀ ਨੇ ਕਿਹਾ ਕਿ 16 ਫਰਵਰੀ ਨੂੰ ਗੁਰਪ੍ਰੀਤ ਸਿੰਘ ਦੇ ਪਿਤਾ ਕੁਲਵਿੰਦਰ ਸਿੰਘ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦਾ ਬੇਟਾ ਲੰਘੀ ਰਾਤ ਨੂੰ ਘਰੋਂ ਰਾਈਫਲ ਚੋਰੀ ਕਰਕੇ ਲੈ ਗਿਆ ਸੀ ਜਿਸ ਸਬੰਧੀ ਥਾਣਾ ਬਾਲਿਆਂਵਾਲੀ ‘ਚ ਚੋਰੀ ਦਾ ਕੇਸ ਦਰਜ ਕੀਤਾ ਗਿਆ ਸੀ। ਹੁਣ ਲਖਵਿੰਦਰ ਸਿੰਘ ਦੇ ਬਿਆਨਾਂ ਮੁਤਾਬਿਕ ਇਸ ਕੇਸ ‘ਚ 302, 201 ਅਤੇ ਅਸਲਾ ਐਕਟ ਦੀਆਂ ਧਾਰਾਵਾਂ ਮੁਤਾਬਿਕ ਵਾਧਾ ਕੀਤਾ ਹੈ ਉਨ੍ਹਾਂ ਕਿਹਾ ਕਿ ਗੋਤਾਖੋਰਾਂ ਨੂੰ ਨਾਲ ਲੈ ਕੇ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।

Send this to a friend