ਸ਼ਾਹਕੋਟ, 20 ਫਰਵਰੀ (ਸੁਰਿੰਦਰ ਸਿੰਘ ਖਾਲਸਾ)- ਮਾਡਲ ਥਾਣਾ ਸ਼ਾਹਕੋਟ ਵਿਖੇ ਐਸ.ਐਚ.ਓ. ਸ਼ਾਹਕੋਟ ਪਰਮਿੰਦਰ ਸਿੰਘ ਬਾਜਵਾ ਨਾਲ ਪੱਤਰਕਾਰਾਂ ਦੀ ਹੋਈ ਮੀਟਿੰਗ ਵਿਚ ਪਿਛਲੇ ਲੰਬੇ ਸਮੇਂ ਤੋ ਪਏ ਅਣਸੁਲਝੇ ਕੇਸਾਂ ਬਾਰੇ ਵਿਚਾਰ-ਵਟਾਦਰਾਂ ਹੋਇਆ। ਜਿਸ ਵਿੱਚ 2012 ਦੀ ਹੋਈ ਇੱਕ ਘਟਨਾ ਬਾਰੇ ਵੀ ਖੁਲ ਕੇ ਚਰਚਾ ਹੋਈ। ਇਸ ਮੌਕੇ ਐਸ.ਐਚ ਓ ਸ਼ਾਹਕੋਟ ਨੇ ਦੱਸਿਆ ਕਿ ਅਣਸੁਲਝੇ ਕੇਸਾਂ ਵਿਚ ਇਕ ਕੇਸ ਮੁਕੱਦਮਾ ਨੰਬਰ 139 ਜੋ ਕਿ ਚੌਕੀ ਇਚਾਰਜ਼ ਮਲਸੀਆਂ ਸ੍ਰੀ ਰਾਜੀਵ ਕੁਮਾਰ ਵਲੋ 21 ਅਗਸਤ 2012 ਨੂੰ ਸ਼ਾਹਕੋਟ ਥਾਣੇ ਦੇ ਸਾਹਮਣੇ ਲਗਾਏ ਗਏ ਧਰਨੇ ਦੌਰਾਨ ਨਾਮਾਲੂਮ ਵਿਅਕਤੀਆ ਦੇ ਖਿਲਾਫ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿਚ ਚੌਕੀ ਇਚਾਰਜ ਮਲਸੀਆਂ ਸ੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਥਾਣਾ ਮੁੱਖੀ ਸ੍ਰੀ ਪ੍ਰੇਮ ਕੁਮਾਰ ਨੇ ਉਨ੍ਹਾਂ ਦੀ ਡਿਊਟੀ ਲਗਾਈ ਸੀਕਿ ਸ਼ਾਹਕੋਟ ਥਾਣੇ ਦੇ ਸਾਹਮਣੇ ਕੁਝ ਵਿਅਕਤੀ ਧਰਨਾ ਲਗਾ ਰਹੇ ਹਨ ਉਹ ਉਸ ਧਰਨੇ ਨੂੰ ਕਵਰ ਕਰਨ। ਉਨ੍ਹਾਂ ਅੱਗੇ ਲਿਖਾਇਆ ਹੈ ਕਿ ਜਦੋ ਉਹ ਧਰਨੇ ਵਾਲੀ ਥਾਂ ਪੁੱਜੇ ਤਾਂ ਉਨ੍ਹਾਂ ਨੇ ਧਰਨਾਕਾਰੀਆਂ ਨੂੰ ਸਮਝਾਉਣ ਦਾ ਕੋਸਿਸ਼ ਕੀਤੀ ਤਾਂ ਧਰਨਾਕਾਰੀ ਉਨ੍ਹਾਂ ਨਾਲ ਗਾਲੀ-ਗਲੋਚ,ਹੱਥੋਪਾਈ ਅਤੇ ਜਾਤੀ ਸੂਚਿਕ ਸ਼ਬਦ ਬੋਲਣ ਲੱਗ ਪਏ। ਇੱਥੇ ਬਸ ਨਹੀ ਧਰਨਾਕਾਰੀਆਂ ਨੇ ਉਨ੍ਹਾਂ ਉੱਪਰ ਪਾਣੀ ਵੀ ਪਾਇਆ। ਐਸ ਐਚ ਓ ਸ਼ਾਹਕੋਟ ਨੇ ਦੱਸਿਆ ਕਿ 6 ਸਾਲ ਪੁਰਾਣੇ ਕੇਸ ਵਿਚ ਉਨ੍ਹਾਂ ਦੀ ਟੀਮ ਨੇ ਵਿਅਕਤੀਆ ਦੀ ਸ਼ਨਾਖਤ ਕਰ ਲਈ ਹੈ ਅਤੇ ਜਲਦੀ ਹੀ ਉਹ ਵਿਅਕਤੀ ਕਾਨੂੰਨ ਦੇ ਛਿਕੰਜੇ ਵਿਚ ਆ ਜਾਣਗੇ। ਐਸ ਐਚ ਓ ਸ਼ਾਹਕੋਟ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਆਮ ਲੋਕਾਂ ਨੂੰ ਇਨਸਾਫ ਦਿਵਾਉਣਾ ਹੈ ਜਿਸ ਤਰਫ ਉਹ ਕਦਮ ਚੁਕ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਕਿਸੇ ਤਰ੍ਹਾਂ ਦੀ ਗੁੰਡਾ ਗਰਦੀ ਬਰਦਾਸ਼ਤ ਨਹੀ ਕੀਤੀ ਜਾਵੇਗੀ।