ਪਟਿਆਲਾ, 16 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅਂੱਜ ਖ਼ਾਲਸਾ ਕਾਲਜ, ਪਟਿਆਲਾ ਦੇ ਡਾ. ਗੰਡਾ ਸਿੰਘ ਕਰੀਅਰ ਗਾਈਡੈਂਸ ਕਾਉਂਸਲਿੰਗ ਐਂਡ ਪਲੇਸਮੈਂਟ ਸੈਂਟਰ ਵੱਲੋਂ ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਵਿਦਿਆਰਥੀਆਂ ਨਾਲ ਇਮਤਿਹਾਨਾਂ ਦਾ ਦਬਾਉ ਘਟਾਉਣ ਸਬੰਧੀ ਕੀਤੇ ਗਏ ਅੰਤਰ ਸੰਵਾਦ ਦਾ ਸਿੱਧਾ ਪ੍ਰਸਾਰਣ ਦਿਖਾਇਆ ਗਿਆ। ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਜੀ ਦੁਆਰਾ ਦੱਸੇ ਗਏ ਸਮੇਂ ਦੇ ਪ੍ਰਬੰਧਨ, ਦਬਾਉ ਘਟਾਉਣ, ਗਹਿਰੀ ਨੀਂਦ ਲੈਣ, ਧਿਆਨ ਲਾਉਣ, ਅਧਿਆਪਕ ਅਤੇ ਵਿਦਿਆਰਥੀ ਨੇੜਤਾ ਅਤੇ ਯੋਗਾ ਕਰਨ ਆਦਿ ਸਬੰਧੀ ਵਿਸ਼ੇਸ਼ ਨੁਕਤਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਪ੍ਰੋਗਰਾਮ ਨੂੰ ਉਨ੍ਹਾਂ ਲਈ ਗਿਆਨ ਵਰਧਕ ਦੱਸਿਆ। ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਉਹ ਇਨ੍ਹਾਂ ਸਾਰੇ ਨੁਕਤਿਆਂ ‘ਤੇ ਅਮਲ ਕਰਨਾ ਯਕੀਨੀ ਬਣਾਉਣਗੇ ਤਾਂ ਜੋ ਉਹ ਆਪਣੀ ਮਿਹਨਤ ਦਾ ਸਹੀ ਮੁੱਲ ਪੁਆ ਸਕਣ। ਕਾਲਜ ਦੇ ਇਸੇ ਹੀ ਸੈਂਟਰ ਦੁਆਰਾ ਅਜ ਵਿਦਿਆਰਥੀਆਂ ਲਈ ਕੋਡਰੀ ਬੋਰਨ ਅਤੇ ਟੇਕ ਹਾਇਰ ਕੰਪਨੀਆਂ ਦੀ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਾਲਜ ਦੇ 35 ਵਿਦਿਆਰਥੀਆਂ ਦੀ ਚੋਣ ਹੋਈ। ਇਹ ਵਿਦਿਆਰਥੀ 240000/- ਤੋਂ ਲੈ ਕੇ 330000/- ਦੇ ਸਾਲਾਨਾ ਪੈਕੇਜ ਨਾਲ ਚੁਣੇ ਗਏ। ਇਸ ਡਰਾਈਵ ਵਿਚ ਬੀ.ਬੀ.ਏ., ਬੀ.ਕਾਮ., ਬੀ.ਐਸਸੀ., ਐਮ. ਕਾਮ., ਐਮ.ਐਲ.ਡੀ., ਐਮ.ਐਸਸੀ. (ਆਈ.ਟੀ.), ਐਮ.ਬੀ.ਏ. ਕਲਾਸਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਲੇਸਮੈਂਟ ਡਰਾਈਵ ਦੌਰਾਨ ਟੇਕ ਹਾਇਰ ਕੰਪਨੀ ਦੇ ਰੁਜ਼ਗਾਰ ਮੁਖੀ ਪ੍ਰਵੀਨ ਸਿੰਗਲਾ ਅਤੇ ਕੋਡਰੀ ਬੋਰਨ ਕੰਪਨੀ ਦੇ ਮਾਰਕੀਟਿੰਗ ਐਗਜ਼ੀਕਿਊਟਿਵ ਰਾਹੁਲ ਠਾਕਰ ਨੇ ਵਿਦਿਆਰਥੀਆਂ ਦਾ ਆਨਲਾਈਨ ਟੈਸਟ ਲਿਆ ਅਤੇ ਇੰਟਰਵਿਊ ਕਰਨ ਉਪਰੰਤ ਚੋਣ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ ਧਰਮਿੰਦਰ ਸਿੰਘ ਉਭਾ ਨੇ ਪਲੇਸਮੈਂਟ ਸੈਂਟਰ ਦੇ ਕਨਵੀਨਰ ਡਾ. ਜਸਲੀਨ ਕੌਰ ਨੂੰ ਕਾਲਜ ਦੀ ਇਸ ਪ੍ਰਾਪਤੀ ਤੇ ਵਧਾਈ ਦਿਤੀ ਅਤੇ ਇਸ ਪ੍ਰਾਪਤੀ ਨੂੰ ਕਾਲਜ ਲਈ ਫਖ਼ਰਯੋਗ ਦਸਿਆ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਯੋਗ ਬਣਾਉਣ ਲਈ ਕਾਲਜ ਹਮੇਸ਼ਾ ਹੀ ਅਜਿਹੇ ਉਪਰਾਲੇ ਕਰਦਾ ਰਹਿੰਦਾ ਹੈ। ਜਿਹੜੇ ਉਨ੍ਹਾਂ ਦੇ ਭਵਿਖ ਨੂੰ ਸੁਰਖਿਅਤ ਅਤੇ ਸ਼ਾਨਦਾਰ ਬਣਾਉਣ ਵਿਚ ਸਹਾਈ ਹੋਣ। ਡਾ. ਜਸਲੀਨ ਕੌਰ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਭਵਿੱਖ ਵਿਚ ਵੀ ਅਜਿਹੀਆਂ ਮਹੱਤਵਪੂਰਣ ਕੰਪਨੀਆਂ ਨੂੰ ਕਾਲਜ ਵਿਖੇ ਬੁਲਾਉਂਦਾ ਰਹੇਗਾ।
ਅਜ ਹੀ ਕਾਲਜ ਦੇ ਯੂਥ ਕਲਬ ਅਤੇ ਰੈਡ ਕਰਾਸ ਸੁਸਾਇਟੀ ਦੁਆਰਾ ‘ਕੀ ਕਰਜ਼ਾ ਹੀ ਕਿਸਾਨਾਂ ਦੀ ਆਤਮ ਹਤਿਆ ਦਾ ਮੁਖ ਕਾਰਨ ਹੈ’ ਵਿਸ਼ੇ ‘ਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਇਸ ਭਾਸ਼ਣ ਪ੍ਰਤੀਯੋਗਤਾ ਵਿਚ ਕਾਲਜ ਦੀਆਂ ਸਾਰੀਆਂ ਫੈਕਲਟੀਆਂ ਨਾਲ ਸਬੰਧਤ 15 ਵਿਦਿਆਰਥੀਆਂ ਨੇ ਭਾਗ ਲਿਆ। ਜਿਨ੍ਹਾਂ ਵਿਚੋਂ ਕੁਲਦੀਪ ਸ਼ਰਮਾ ਨੇ ਪਹਿਲਾ, ਅਰਸਜੋਤ ਨੇ ਦੂਸਰਾ ਅਤੇ ਅੰਮ੍ਰਿਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਕਲਬ ਅਤੇ ਸੁਸਾਇਟੀ ਦੇ ਕਨਵੀਨਰ ਡਾ. ਸਰਬਜੀਤ ਸਿੰਘ ਆਹਲੂਵਾਲੀਆ ਅਤੇ ਹੋਰ ਅਧਿਆਪਕ ਮੈਂਬਰਾਂ ਦੇ ਯਤਨਾਂ ਸਦਕਾ ਬਹੁ ਗਿਣਤੀ ਵਿਦਿਆਰਥੀਆਂ ਨੇ ਇਸ ਡਿਬੇਟ ਨੂੰ ਸੁਣਿਆ ਅਤੇ ਵਿਚਾਰ ਵਟਾਂਦਰਾ ਕੀਤਾ।
ਖ਼ਾਲਸਾ ਕਾਲਜ ਪਟਿਆਲਾ ਨੇ ਕਰਵਾਈਆਂ ਵੱਖ-ਵੱਖ ਗਤੀਵਿਧੀਆਂ



