ਲਹਿਰਾਗਾਗਾ, 16 ਫਰਵਰੀ (ਰਣਜੀਤ ਸਿੰਘ ਵਾਲੀਆ)- ਪੁਲਿਸ ਚੌਕੀ ਚੋਟੀਆਂ ਹਰਿਆਣੇ-ਪੰਜਾਬ ਦੀ ਹੱਦ ਤੇ ਹੋਣ ਕਰਕੇ ਨਸ਼ੇੜੀਆਂ ਲਈ ਜੀਅ ਦਾ ਜੰਜਾਲ ਬਣੀ ਹੋਈ ਹੈ।ਦੂਜਾ ਜੇਕਰ ਕਾਬਿਲ ਅਫਸਰ ਚੌਕੀ ਇੰਚਾਰਜ ਲੱਗਿਆ ਹੋਵੇ ਤਾਂ ਨਸ਼ੇੜੀਆਂ ਨੂੰ ਭਾਜੜਾਂ ਪੈਣੀਆਂ ਯਕੀਨੀ ਹਨ ਜਿਕਰਯੋਗ ਹੈ ਕਿ ਹਰਿਆਣੇ ਦਾ ਸ਼ਹਿਰ ਜਾਖਲ ਇੱਥੋ ਸਿਰਫ ਤਿੰਨ ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਇਸ ਸ਼ਹਿਰ ਵਿੱਚੋਂ ਨਸ਼ੀਲੀਆਂ ਗੋਲੀਆਂ ਤੇ ਸ਼ੀਸ਼ੀਆਂ ਆਮ ਮਿਲਦੀਆਂ ਹਨ।ਹਰਿਆਣਾ ਪੁਲਿਸ ਮੂਕ ਦਰਸ਼ਕ ਬਣੀ ਰਹਿੰਦੀ ਹੈ।ਇਹ ਨਸ਼ਾ ਜਿਆਦਾਤਰ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਵਿੱਚ ਆਉਂਦਾ ਹੈ।ਪੁਲਿਸ ਚੌਕੀ ਚੋਟੀਆਂ ਇੰਚਾਰਜ ਹਰਸਿਮਰਨਜੀਤ ਸਿੰਘ ਇੱਕ ਵਧੀਆਂ ਅਫਸਰ ਹੈ ਜਿਸ ਕਰਕੇ ਇਸ ਚੌਕੀ ਮੁਲਾਜਮਾਂ ਵੱਲੋਂ ਆਏ ਦਿਨ ਨਜਾਇਜ ਤੌਰ ਤੇ ਭੁੱਕੀ, ਗੋਲੀਆਂ, ਸ਼ੀਸ਼ੀਆਂ, ਹਰਿਆਣੇ ਦੀ ਸ਼ਰਾਬ ਫੜ ਲਈ ਜਾਂਦੀ ਹੈ ਪ੍ਰਾਪਤ ਵੇਰਵੇ ਅਨੁਸਾਰ 10 ਸਤੰਬਰ 2017 ਤੋਂ 14 ਫਰਵਰੀ 2018 ਭਾਵ ਪੰਜ ਕੁ ਮਹੀਨਿਆਂ ਵਿੱਚ 23900 ਨਸ਼ੇ ਵਾਲੀਆਂ ਗੋਲੀਆਂ, 880 ਬੋਤਲਾਂ ਮਾਰਕਾ ਹਰਿਆਣਾ ਸ਼ਰਾਬ, 52 ਕਿਲੋ ਭੁੱਕੀ ਚੂਰਾ ਤੋਂ ਇਲਾਵਾ 10 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰਕੇ 31 ਮੁਕੱਦਮੇ ਸਿਰਫ ਨਸ਼ਾ ਵੇਚਣ ਵਾਲਿਆਂ ਖਿਲਾਫ ਦਰਜ ਕੀਤੇ ਹਨ ਅਤੇ ਦੋਸ਼ੀ ਸਲਾਖਾਂ ਪਿੱਛੇ ਭੇਜ ਦਿੱਤੇ ਹਨ, ਜੋ ਆਪਣੇ ਆਪ ਵਿੱਚ ਇੱਕ ਮਿਸਾਲ ਹੈ।ਸ਼ਹਿਰ ਅਤੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਆਪਸੀ ਸਹਿਮਤੀ ਬਣਾ ਕੇ ਨਸ਼ੇ ਦੇ ਵਪਾਰੀ ਫੜਣ ਲਈ ਸਾਂਝਾ ਅਪਰੇਸ਼ਨ ਚਲਾਇਆ ਜਾਵੇ ਅਤੇ ਪੰਜਾਬ ਪੁਲਿਸ ਨੂੰ ਛੋਟ ਦਿੱਤੀ ਜਾਵੇ ਕਿ ਉਹ ਜਾਖਲ ਅਤੇ ਟੋਹਾਣਾ ਜਾ ਕੇ ਛਾਪੇਮਾਰੀ ਕਰ ਸਕਣ।
ਨਸ਼ਿਆਂ ਖਿਲਾਫ 31 ਮੁਕੱਦਮੇ ਦਰਜ ਕਰਕੇ ਕੀਤੀ ਮਿਸਾਲ ਕਾਇਮ



