ਘਟੀਆ ਕੁਆਲਿਟੀ ਦੇ ਸਾਇਕਲ ਵਿਦਿਆਰਥਣਾਂ ਲਈ ਹਾਦਸਿਆਂ ਦਾ ਕਾਰਨ ਬਣਨ ਲੱਗੇ
ਮਾਛੀਵਾੜਾ ਸਾਹਿਬ 30 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਯੋਜਨਾ ਤਹਿਤ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਦਿੱਤੇ ਜਾਂਦੇ ਸਾਈਕਲਾਂ ਦੀ ਗੁਣਵੱਤਾ ਤੇ ਸਵਾਲ ਉਠਣ ਲੱਗ ਪਏ ਹਨ ਕਿਉਂਕਿ ਇਹ ਸਾਇਕਲ ਜਿੱਥੇ ਘਟੀਆ ਕੁਆਲਿਟੀ ਦੇ ਹਨ ਉਥੇ ਇਨਾਂ ਦੀ ਫੀਟਿੰਗ ਵੀ ਸਹੀ ਢੰਗ ਨਾਲ ਨਾ ਹੋਣ ਕਾਰਨ ਵਿਦਿਆਰਥਣਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਕੱਲ੍ਹ ਹੀ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥਣਾਂ ਨੂੰ ਵੰਡੇ ਗਏ ਇਨਾਂ ਸਾਈਕਲਾਂ ਵਿੱਚੋਂ ਜਿਉਂ ਹੀ ਇੱਕ ਵਿਦਿਆਰਥਣਾਂ ਆਪਣੇ ਸਾਇਕਲ ’ਤੇ ਆਪਣੇ ਘਰ ਤੋਂ ਸਕੂਲ ਨੂੰ ਰਵਾਨਾ ਹੋਈ ਤਾਂ ਸਾਇਕਲ ਦਾ ਫਰਾਈਵੀਲ ਖੁੱਲ੍ਹ ਗਿਆ ਤੇ ਇਸਦੇ ਚੱਕੇ ਦੀਆਂ ਤਾਰਾਂ ਹਲਕੀਆਂ ਤੇ ਢਿੱਲੀਆਂ ਹੋਣ
ਕਾਰਨ ਉਹ ਜਾਮ ਹੋ ਗਿਆ ਜਿਸ ਕਾਰਨ ਵਿਦਿਆਰਥਣ ਸੜਕ ’ਤੇ ਡਿੱਗ ਪਈ। ਸੜਕ ’ਤੇ ਡਿੱਗੀ ਵਿਦਿਆਰਥਣ ਅਤੇ ਸਾਇਕਲ ਨੂੰ ਚੁੱਕ ਕੇ ਦੁਕਾਨਦਾਰਾਂ ਨੇ ਸਾਈਡ ’ਤੇ ਕੀਤਾ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਜਦੋਂ ਅੱਜ ਇਸ ਸਾਇਕਲ ਨੂੰ ਮੁਰੰਮਤ ਲਈ ਦੁਕਾਨਦਾਰ ਕੋਲ ਲਿਜਾਇਆ ਗਿਆ ਤਾਂ ਉਸ ਨੇ ਦੇਖਿਆ ਕਿ ਨਵੇਂ ਸਾਇਕਲ ਦਾ ਹੀ ਫਰਾਈਵੀਲ ਖੁੱਲ੍ਹ ਗਿਆ, ਹੋਰ ਤਾਂ ਹੋਰ ਜੋ ਸਾਈਕਲ ਦੇ ਚੱਕੇ ਸਨ ਉਹ ਐਨੀ ਘਟੀਆ ਕੁਆਲਿਟੀ ਦੇ ਸਨ ਕਿ ਤਾਰਾਂ ਤੇ ਚੱਕਾ ਵੀ ਵਿੰਗਾ ਹੋ ਗਿਆ। ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸਾਈਕਲ ਤੇ ਦੁਕਾਨਦਾਰ ਵੱਲੋਂ ਵੇਚਣ ਲਈ ਰੱਖੇ ਗਏ ਸਾਈਕਲ ਦੀ ਗੁਣਵੱਤਾ ਦੀ ਜਦੋਂ ਪਰਖ ਕੀਤੀ ਗਈ ਤਾਂ ਸਰਕਾਰ ਵੱਲੋਂ ਦਿੱਤਾ ਗਿਆ ਇਹ ਸਾਈਕਲ ਕਾਫੀ ਘਟੀਆ ਕੁਆਲਿਟੀ ਦਾ ਪਾਇਆ ਗਿਆ ਅਤੇ ਇਸ ਸਰਕਾਰੀ ਸਾਈਕਲ ਦੀ ਫੀਟਿੰਗ ਵੀ ਐਨੀ ਲਾਪਰਵਾਹੀ ਨਾਲ ਕੀਤੀ ਹੋਈ ਸੀ ਕਿ ਸਾਈਕਲ ਦਾ ਹਰੇਕ ਜੋੜ ਢਿੱਲਾ ਪਾਇਆ ਗਿਆ। ਇਸ ਘਟੀਆ ਕੁਆਲਿਟੀ ਦੇ ਸਾਈਕਲ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਤੋਂ ਟੈਕਸਾਂ ਦੀ ਵਸੂਲੀ ਕਰ ਸਰਕਾਰੀ ਖਜਾਨੇ ਵਿਚੋਂ ਕਰੋੜਾਂ ਰੁਪਏ ਖਰਚ ਕੇ ਇਹ ਸਾਈਕਲ ਦਿੱਤੇ ਜਾ ਰਹੇ ਹਨ ਪਰ ਇਸਦੀ ਗੁਣਵੱਤਾ ਨੇ ਲੋਕਾਂ ਦੇ ਮਨਾਂ ਵਿਚ ਕਈ ਸਵਾਲ ਖੜੇ ਕਰ ਦਿੱਤੇ ਹਨ ਕਿ ਇਸ ਮਾਈ ਭਾਗੋ ਯੋਜਨਾ ਰਾਹੀਂ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਕਿੱਤੇ ਚੂਨਾ ਤਾਂ ਨਹੀ ਲਗਾਇਆ ਜਾ ਰਿਹਾ?
ਸਾਈਕਲਾਂ ਦੀ ਗੁਣਵੱਤਾ ਦੀ ਜਾਂਚ ਹੋਵੇ : ਸਿੱਖਿਆ ਮੰਤਰੀ
ਮਾਈ ਭਾਗੋ ਯੋਜਨਾ ਤਹਿਤ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਦਿੱਤੇ ਜਾਂਦੇ ਸਾਈਕਲਾਂ ਦੀ ਘਟੀਆ ਕੁਆਲਿਟੀ ਬਾਰੇ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਬੇਸ਼ੱਕ ਇਹ ਸਾਈਕਲ ਸਿੱਖਿਆ ਵਿਭਾਗ ਵੱਲੋਂ ਵੰਡੇ ਜਾ ਰਹੇ ਹਨ ਪਰ ਇਸਨੂੰ ਖਰੀਦਣ ਦਾ ਕੰਮ ਸਮਾਜ ਭਲਾਈ ਵਿਭਾਗ ਵੱਲੋਂ ਕੀਤਾ ਗਿਆ ਹੈ। ਉਨਾ ਕਿਹਾ ਕਿ ਜੇਕਰ ਸਾਈਕਲ ਘਟੀਆ ਕੁਆਲਿਟੀ ਦੇ ਦੇਖਣ ਵਿਚ ਆਏ ਹਨ ਤਾਂ ਬਿਲਕੁਲ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਸਿੱਖਿਆ ਮੰਤਰੀ ਮਲੂਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਾਂ ਇਹ ਸਲਾਹ ਦਿੱਤੀ ਗਈ ਸੀ ਕਿ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਖਰੀਦ ਕੇ ਦੇਣ ਦੀ ਜਿੰਮੇਵਾਰੀ ਸਕੂਲ ਦੀਆਂ ਕਮੇਟੀਆਂ ਨੂੰ ਸੌਪੀ ਜਾਵੇ ਪਰ ਜੇਕਰ ਘਟੀਆ ਕੁਆਲਿਟੀ ਦੇ ਸਾਈਕਲਾਂ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਇਸਦੇ ਖਰੀਦ ਕਾਰਜਾਂ ਦੀ ਜਾਂਚ ਹੋਣੀ ਚਾਹੀਦੀ ਹੈ।