ਭੋਗਪੁਰ, 15 ਫਰਵਰੀ (ਹਰਨਾਮ ਦਾਸ ਚੋਪੜਾ)- ਨਗਰ ਕੌਂਸਲ ਭੋਗਪੁਰ ਦੇ 13 ਵਾਰਡਾਂ ’ਚ ਹੋਈਆਂ ਚੋਣਾਂ ‘ਚ ਜਿਤੇ ਕੌਂਸਲਰਾਂ ’ਚੋਂ ਸ਼੍ਰੋਮਣੀ ਅਕਾਲੀ ਦਲ ਦੀ ਮੰਜੂ ਅਗਰਵਾਲ ਪ੍ਰਧਾਨ ਚੁਣੇ ਗਏ। ਪ੍ਰਧਾਨਗੀ ਦੀ ਚੋਣ ਲਈ ਅਕਾਲੀ ਦਲ ਅਤੇ ਕਾਂਗਰਸ ਨਾਲ ਸਬੰਧਤ ਸਾਰੇ ਕੌਂਸਲਰ ਸਵੇਰੇ ਪ੍ਰਧਾਨਗੀ ਅਹੁਦੇ ਦੀ ਚੋਣ ਲਈ ਨਗਰ ਕੌਂਸਲ ਦਫਤਰ ‘ਚ ਹਾਜ਼ਰ ਹੋਏ। ਚੋਣ ਅਧਿਕਾਰੀ 11 ਵਜੇ ਦੇ ਕਰੀਬ ਪਹੁੰਚੇ।ਭਾਰੀ ਸੁਰਖਿਆ ਦੀ ਹਾਜ਼ਰੀ ‘ਚ ਤਣਾਅਪੂਰਨ ਮਾਹੌਲ ‘ਚ ਹੋਈ ਚੋਣ ’ਚ ਮੰਜੂ ਅਗਰਵਾਲ ਪ੍ਰਧਾਨ ਚੁਣੀ ਗਈ, ਇਸ ਮੌਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਹਾਜ਼ਰ ਸਨ।ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਵਲੋਂ ਪਹਿਲਾਂ ਵੀ ਨਗਰ ਕੌਂਸਲ ਦੀ ਸੇਵਾ ਕੀਤੀ ਗਈ ਅਤੇ ਹੁਣ ਵੀ ਅਕਾਲੀ ਦਲ ਨਗਰ ਕੌਂਸਲ ‘ਤੇ ਕਾਬਜ਼ ਹੋ ਕੇ ਸ਼ਹਿਰਵਾਸੀਆਂ ਦੀ ਸੇਵਾ ਕਰੇਗਾ।ਇਸ ਚੋਣ ’ਚ ਬੀਬੀ ਵਿਦਵੰਤ ਕੌਰ ਸੀਨੀਅਰ ਵਾਈਸ ਪ੍ਰਧਾਨ ਅਤੇ ਉਰਮਿਲਾ ਭਟੀ ਵਾਈਸ ਪ੍ਰਧਾਨ ਚੁਣੀ ਗਈ। ਇਸ ਤਰ੍ਹਾਂ ਨਗਰ ਕੌਂਸਲ ਦੇ ਤਿੰਨੋਂ ਮੁਖ ਅਹੁਦਿਆਂ ‘ਤੇ ਇਸਤਰੀ ਕੌਂਸਲਰ ਦਾ ਦਬਦਬਾ ਰਿਹਾ।
ਮੰਜੂ ਅਗਰਵਾਲ ਬਣੇ ਭੋਗਪੁਰ ਨਗਰ ਕੌਂਸਲ ਦੇ ਪ੍ਰਧਾਨ



