ਨੂਰਪੁਰ ਬੇਦੀ, 14 ਫਰਵਰੀ (ਐਮ.ਪੀ.ਸ਼ਰਮਾਂ)-ਵਿਆਹ ਜੀਵਨ ਦਾ ਪਵਿੱਤਰ ਬੰਧਨ ਹੈ ਜਿਸ ਵਿੱਚ ਲੜਕਾ ਅਤੇ ਲੜਕੀ ਇੱਕ ਧਾਗੇ ਨੂੰ ਸਾਕਸ਼ੀ ਮੰਨ ਕੇ ਅਗਨੀ ਦੇ ਫੇਰੇ ਲੈਂਦੇ ਹਨ ਅਤੇ ਜ਼ਿੰਦਗੀ ਭਰ ਇੱਕ ਦੂਜੇ ਦਾ ਸਾਥ ਦੇਣ ਦਾ ਵਚਨ ਕਰਦੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਮੰਦਿਰ ਸਰਥਲੀ ਵਿਖੇ 11 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਉਣ ਮੌਕੇ ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਜੀ ਮਹਾਰਾਜ ਨੇ ਕੀਤਾ।ਉਹਨਾਂ ਕਿਹਾ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਕੰਨਿਆ ਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਸਮੂਹ ਨਗਰ ਨਿਵਾਸੀਆਂ ਦੁਆਰਾ ਵੱਖ-ਵੱਖ ਸਥਾਨਾਂ ਤੋਂ ਪਹੁੰਚੀਆਂ ਬਰਾਤਾਂ ਦਾ ਸੁਆਗਤ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਉਪਰੰਤ ਹਿੰਦੂ ਧਰਮ ਦੀਆਂ ਰਸਮਾਂ ਅਨੁਸਾਰ 11 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਇਸ ਮੌਕੇ ਵਿਸ਼ੇਸ ਤੌਰ ‘ਤੇ ਪਹੁੰਚੇ ਸਮਾਜ ਸੇਵੀ ਡਾ.ਆਰ.ਐਸ. ਪਰਮਾਰ ਨੇ ਨਵ-ਵਿਆਹੀਆਂ ਜੋੜੀਆਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਨਗਰ ਪੰਚਾਇਤ ਨੂਰਪੁਰ ਬੇਦੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਮਾਸਟਰ ਜਗਨਨਾਥ ਭੰਡਾਰੀ ਨੇ ਕਿਹਾ ਕਿ ਸ਼ਿਵ ਮੰਦਰ ਸਰਥਲੀ ਲੋਕਾਂ ਦੀ ਸ਼ਰਧਾ ਦਾ ਕੇਂਦਰ ਬਣ ਗਿਆ ਅਤੇ ਮਹੰਤ ਮੋਹਨ ਗਿਰੀ ਜੀ ਦੀ ਬੜੀ ਹਿੰਮਤ ਹੈ ਜੋ ਹਰ ਸਾਲ ਲੜਕੀਆਂ ਦੇ ਵਿਆਹ ਕਰਵਾਉਂਦੇ ਹਨ ਅਤੇ ਸਮਾਜ ਵਿੱਚ ਚੱਲਦੇ ਨੇਕ ਕਾਰਜਾਂ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ। ਇਸ ਤੋਂ ਬਾਅਦ ਮਹੰਤ ਮੋਹਨ ਗਿਰੀ ਜੀ ਨੇ ਪ੍ਰਤਿ ਨਵ-ਵਿਆਹੇ ਜੋੜੇ ਨੂੰ 1.50 ਲੱਖ ਰੁਪਏ ਦਾ ਘਰੇਲੂ ਵਰਤੋਂ ਵਾਲਾ ਸਮਾਨ ਵੀ ਦਿੱਤਾ। ਇਸ ਮੌਕੇ ਹਰਮਿੰਦਰਪਾਲ ਸਿੰਘ, ਕਾਂਗਰਸੀ ਆਗੂ ਅਸ਼ਵਨੀ ਸ਼ਰਮਾਂ, ਸਰਪੰਚ ਵਿਜੈ ਕੁਮਾਰ ਸਰਥਲੀ, ਚੰਨਾ ਸੈਣੀ, ਵਿਪਨ ਤਖ਼ਤਗੜ, ਪੰਡਿਤ ਤੀਰਥ ਰਾਮ, ਸਰਪੰਚ ਰੋਸ਼ਨ ਲਾਲ ਟੇਡੇਵਾਲ, ਛਿੰਦਰਪਾਲ ਚੌਹਾਨ, ਐਨ.ਕੇ.ਸ਼ਰਮਾਂ, ਬਾਬੂ ਕਸ਼ਮੀਰੀ ਲਾਲ, ਸੰਜੀਵ ਲੋਟੀਆ, ਡਾ.ਦਵਿੰਦਰ ਬਜਾੜ, ਵਿੱਕੀ ਧੀਮਾਨ ਘਨੌਲੀ, ਵਰਿੰਦਰ ਵਰਮਾਂ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
ਵਿਆਹ ਜੀਵਨ ਦਾ ਪਵਿੱਤਰ ਬੰਧਨ : ਮਹੰਤ ਮੋਹਨ ਗਿਰੀ



