ਨਵੀਂ ਦਿੱਲੀ, 30 ਜਨਵਰੀ (ਵਿਸ਼ਵ ਵਾਰਤਾ)-ਆਪਣੀ ਸਰਕਾਰ ਦੇ ਇਕ ਮਹੀਨਾ ਪੂਰਾ ਹੋ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀ ਟੀਮ ਨੇ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਦੀ ਦਿਸ਼ਾ ਵਿਚ ਚੰਗਾ ਕੰਮ ਕੀਤਾ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪਹਿਲੇ ਮਹੀਨੇ ਵਿਚ ਲੋਕਾਂ ਲਈ ਪਹਿਲਾਂ ਬਣੇ ਮੰਤਰੀਆਂ ਦੀ ਤੁਲਨਾ ਵਿਚ ਕਿਤੇ ਚੰਗਾ ਕੰਮ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਆਖਿਆ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ, ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਜਲ ਸਪਲਾਈ ਦਾ ਵਿਸਥਾਰ ਕਰਨਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭ੍ਰਿਸ਼ਟ ਅਧਿਕਾਰੀਆਂ ਨਾਲ ਸਖ਼ਤੀ ਨਾਲ ਨਜਿੱਠੇਗੀ।
ਇਸ ਤੋਂ ਇਲਾਵਾ ਸ੍ਰੀ ਕੇਜਰੀਵਾਲ ਨੇ 1984 ਦੇ ਸਿੱਖ ਦੰਗਿਆਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ) ਤੋਂ ਕਰਾਉਣ ਦੇ ਫੈਸਲੇ ਬਾਰੇ ਕਿਹਾ ਕਿ ਪੁਖ਼ਤਾ ਜਾਂਚ ਜ਼ਰੂਰੀ ਹੈ ਕਿਉਂਕਿ ਸਿੱਖ ਭਾਈਚਾਰੇ ਦੇ ਲੋਕ ਇਸ ਦੀ ਮੰਗ ਕਰ ਰਹੇ ਹਨ।