ਪਾਤੜਾਂ, 13 ਫਰਵਰੀ (ਹਰਭਜਨ ਸਿੰਘ ਮਹਿਰੋਕ)- ਐਨ.ਆਰ. ਆਈਜ਼. ਦੇ ਸਹਿਯੋਗ ਨਾਲ ਖੇਡ ਸਟੇਡੀਅਮ ਸ਼ੁਤਰਾਣਾ ਵਿਖੇ ਸਲਾਨਾਂ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਮੁੰਡਿਆਂ ਤੇ ਕੁੜੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਸਬ ਇੰਸਪੈਕਟਰ ਦਰਸ਼ਨ ਸਿੰਘ ਤੇ ਰਾਮ ਲਾਲ ਨੇ ਕੀਤਾ ਅਤੇ ਇਨਾਮ ਵੰਡਣ ਦੀ ਰਸਮ ਵਿਸ਼ੇਸ ਮਹਿਮਾਨ ਗੁਰਮੀਤ ਸਿੰਘ ਮੁਲਤਾਨੀ ਨੇ ਅਦਾ ਕਰਕੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਆਗਿਆਪਾਲ ਝੱਬਰ ਤੇ ਉਪ ਪ੍ਰਧਾਨ ਵਰਿੰਦਰ ਸਿੰਘ ਵਿਰਕ ਨੇ ਕਿਹਾ ਕਿ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਏ ਇਸ ਕਬੱਡੀ ਟੂਰਨਾਮੈਂਟ ਵਿਚ ਪੰਜਾਬ-ਹਰਿਆਣਾ ਸਮੇਤ ਵੱਖ-ਵੱਖ ਇਲਾਕਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਵਿਚ ਸ਼ੋਅ ਮੈਚ ‘ਚ ਸ਼ੁਤਰਾਣਾ ਨੇ ਪਾਤੜਾਂ ਨੂੰ ਹਰਾਇਆ ਅਤੇ ਰੱਖੜਾ ਕਲੱਬ ਦੀਆਂ ਕੁੜੀਆਂ ਨੇ ਰਾਮਾ ਕਲੱਬ ਨੂੰ ਹਰਾ ਕੇ ਟਰਾਫੀ ਤੇ ਨਕਦ ਰਾਸ਼ੀ ਜਿੱਤੀ। ੳਪਨ ਮੁੰਡਿਆਂ ਦਾ ਫਾਇਨਲ ਮੁਕਾਬਲਾ ਪਿੰਡ ਦੁਤਾਲ (ਪੰਜਾਬ) ਤੇ ਪਿੰਡ ਮਹਾਂ ਸਿੰਘ ਵਾਲਾ (ਹਰਿਆਣਾ) ਦੇ ਵਿਚਕਾਰ ਹੋਇਆ, ਜਿਸ ‘ਚ ਦੁਤਾਲ ਦੀ ਜੇਤੂ ਟੀਮ ਨੂੰ 51000 ਰੁਪਏ ਤੇ ਮਹਾਂ ਸਿੰਘ ਵਾਲਾ ਦੀ ਉਪ ਜੇਤੂ ਟੀਮ ਨੂੰ 41000 ਰੁਪਏ ਤੇ ਟਰਾਫੀਆਂ ਨਾਲ ਨਿਵਾਜ਼ਿਆ ਗਿਆ। ਟੂਰਨਾਮੈਂਟ ‘ਚ ਬੈਸਟ ਧਾਵੀ ਤੇ ਬੈਸਟ ਜਾਫੀ ਨੂੰ 11-11 ਹਜਾਰ ਰੁਪਏ ਦਾ ਨਕਦ ਇਨਾਮ ਤੇ ਟਰਾਫੀਆਂ ਦਿੱਤੀਆਂ ਗਈਆਂ। ਇਸ ਦੌਰਾਨ ਉਘੇ ਗੀਤਕਾਰ ਵਿੱਕੀ ਧਾਲੀਵਾਲ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਆਗਿਆਪਾਲ ਸਿੰਘ ਝੱਬਰ, ਉਪ ਪ੍ਰਧਾਨ ਵਰਿੰਦਰ ਸਿੰਘ ਵਿਰਕ, ਚੇਅਰਮੈਨ ਇੰਦਰਪਾਲ ਸਿੰਘ, ਕੈਸ਼ੀਅਰ ਪ੍ਰਤਾਪ ਸਿੰਘ ਵੜੈਚ, ਕੁਲਵਿੰਦਰ ਸਿੰਘ ਫੌਜੀ, ਹਰਮਨ ਸਿੰਘ ਮੱਟੂ, ਕਰਮਜੀਤ ਸਿੰਘ, ਰਾਜ ਸਿੰਘ ਝੱਬਰ, ਗੁਰਸੇਵਕ ਸਿੰਘ ਮੌਲਵੀਵਾਲਾ ਨੇ ਕਬੱਡੀ ਕੱਪ ਨੂੰ ਸਫਲ ਕਰਵਾਉਣ ਲਈ ਵਿਸ਼ੇਸ ਯੋਗਦਾਨ ਦਿੱਤਾ ਹੈ।



