ਨਵੀਂ ਦਿੱਲੀ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦੁਨੀਆ ਦੇ 25 ਕਰੋੜ ਬੱਚੇ ਚੰਗੇ ਅਧਿਆਪਕਾਂ ਦੀ ਕਮੀ ਵਿਚ ਸਕੂਲੀ ਸਿੱਖਿਆ ਦੌਰਾਨ ਬੁਨਿਆਦੀ ਚੀਜ਼ਾਂ ਵੀ ਨਹੀਂ ਸਿੱਖ ਪਾ ਰਹੇ ਹਨ, ਜਿਸ ਨਾਲ ਹਰ ਸਾਲ ਲਗਪਗ 129 ਅਰਬ ਡਾਲਰ ਦਾ ਪੂਰੇ ਵਿਸ਼ਵ ਵਿੱਚ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਵਿੱਚ ਲਗਪਗ 13 ਅਰਬ ਡਾਲਰ ਦਾ ਨੁਕਸਾਨ ਹਰ ਸਾਲ ਪ੍ਰਾਇਮਰੀ ਸਿੱਖਿਆ ਵਿਚ ਖਰਾਬ ਗੁਣਵੱਤਾ ਕਾਰਨ ਹੋ ਰਿਹਾ ਹੈ। ਯੂਨੈਸਕੋ ਵੱਲੋਂ ਜਾਰੀ ਵਿਸ਼ਵ ਵਿਆਪੀ ਸਿੱਖਿਆ ਨਿਗਰਾਨੀ ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ। ਰਿਪੋਰਟ ਅਨੁਸਾਰ 37 ਦੇਸ਼ ਪ੍ਰਾਇਮਰੀ ਸਿੱਖਿਆ ਉਤੇ ਖਰਚ ਕੀਤੀ ਜਾ ਰਹੀ ਘੱਟੋ ਘੱਟ ਅੱਧੀ ਰਾਸ਼ੀ ਬਰਬਾਦ ਕਰ ਰਹੇ ਹਨ, ਕਿਉਂਕਿ ਬੱਚੇ ਸਿੱਖ ਨਹੀਂ ਪਾ ਰਹੇ ਹਨ। ਰਿਪੋਰਟ ਅਨੁਸਾਰ ਸਿੱਖਿਆ ਦੀ ਖਰਾਬ ਗੁਣਵੱਤਾ ਕਾਰਨ ਗਰੀਬ ਮੁਲਕਾਂ ਵਿਚ ਚਾਰ ਵਿਚੋਂ ਇਕ ਬੱਚਾ ਆਪਣੀ ਕਿਤਾਬ ਦਾ ਇਕ ਸ਼ਬਦ ਵੀ ਪੜ੍ਹ ਨਹੀਂ ਪਾਉਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੰਗੇ ਅਧਿਆਪਕਾਂ ਦੀ ਕਮੀ ਕਾਰਨ ਸਿੱਖਿਆ ਦਾ ਪੱਧਰ ਇਥੋਂ ਤੱਕ ਪਹੁੰਚਿਆ ਹੈ। ਸਿੱਖਿਆ ਦੀ ਗੁਣਵੱਤਾ ਉਤੇ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੱਖਣੀ ਅਤੇ ਪੱਛਮੀ ਏਸੀਆ ਵਿਚ ਪ੍ਰਾਇਮਰੀ ਸਕੂਲਾਂ ਦੇ ਲਗਪਗ 33 ਫੀਸਦੀ ਵਿਦਿਆਰਥੀ ਵੀ ਆਪਣੇ ਪਾਠਕਾਂ ਦੀਆਂ ਬੁਨਿਆਦੀ ਚੀਜ਼ਾਂ ਸਿੱਖ ਪਾਉਂਦੇ ਹਨ, ਜਦੋਂ ਕਿ ਪਾਕਿਸਤਾਨ ਵਿਚ ਤਾਂ ਇਹ 30 ਫੀਸਦੀ ਤੋਂ ਵੀ ਘੱਟ ਹੈ।