Skip to content
Independent perspectives. Global stories.
BREAKING

ਪੈਨਸ਼ਨਰਾਂ ਵੱਲੋਂ ਪਾਵਰਕਾਮ ਦੇ ਗੇਟ ਅੱਗੇ ਰੋਹ ਭਰਪੂਰ ਰੋਸ ਰੈਲੀ

Share this story

ਮਾਨਸਾ, 9 ਫਰਵਰੀ (ਨਛੱਤਰ ਸਿੰਘ ਕਾਹਨਗੜ੍ਹ, ਸੁਖਜਿੰਦਰ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਨਸਾ ਨੇ ਸੂਬਾ ਕਮੇਟੀ ਪੰਜਾਬ ਦੇ ਸੱਦੇ ਤੇ ਪਾਵਰਕਾਮ ਮੰਡਲ ਮਾਨਸਾ ਦੇ ਦਫਤਰ ਦੇ ਗੇਟ ਅੱਗੇ ਵਿਸ਼ਾਲ ਰੋਹ ਭਰਪੂਰ ਧਰਨਾ ਅਤੇ ਰੈਲੀ ਕੀਤੀ। ਇਸ ਧਰਨੇ ਦੀ ਪ੍ਰਧਾਨਗੀ ਕਰਦਿਆਂ ਸਤਨਾਮ ਸਿੰਘ ਫੱਤਾ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਨਾਲ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਮੰਗਾਂ ਨੂੰ ਮੰਨਣ ਲਈ ਅਤੇ ਲਾਗੂ ਕਰਨ ਲਈ ਟਾਲ ਮਟੋਲ ਦੀ ਨੀਤੀ ਵਰਤੀ ਜਾ ਰਹੀ ਹੈ ਜਿਸ ਕਾਰਨ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੰਮੇ ਸਮੇਂ ਤੋਂ ਵਿਹਲੀਆਂ ਪੋਸਟਾਂ ਨੂੰ ਖਤਮ ਕਰਨ ਦੀ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਇਹ ਨੀਤੀ ਪਾਵਰਕਾਮ ਲਾਗੂ ਕਰਦੀ ਹੈ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਸਰਕਲ ਆਗੂ ਬਲਦੇਵ ਸਿੰਘ ਅਤਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਾਂ, ਤਨਖਾਹਾਂ ਸਮੇਂ ਸਿਰ ਜਾਰੀ ਕੀਤੀਆਂ ਜਾਣ। ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ। ਪੇਨਸ਼ਨਰਾਂ ਨੂੰ ਬੱਸਾਂ ਦੇ ਕਿਰਾਏ ਵਿੱਚ 50% ਛੋਟ ਦਿੱਤੀ ਜਾਵੇ ਅਤੇ ਬਿਜਲੀ ਯੂਨਿਟਾਂ ਵਿੱਚ ਵੀ ਛੋਟ ਦਿੱਤੀ ਜਾਵੇ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ, ਮ੍ਰਿਤਕਾਂ ਦੇ ਵਾਰਿਸਾਂ ਨੂੰ ਜਲਦੀ ਨੌਕਰੀ ਦਿੱਤੀ ਜਾਵੇ, ਰਿਟਾਇਰੀ ਲਾਭ ਸਮੇਂ ਸਿਰ ਦਿੱਤੇ ਜਾਣ, ਸਰਕਾਰੀ ਥਰਮਲ ਬੰਦ ਕਰਨ ਦੀ ਨੀਤੀ ਬਹੁਤ ਨਿੰਦਾਯੋਗ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਰਕਾਰ ਨੂੰ ਹਜ਼ਾਰਾਂ ਲੋਕਾਂ ਤੋਂ ਰੁਜ਼ਗਾਰ ਖੋਹਣ ਦਾ ਕੋਈ ਹੱਕ ਨਹੀਂ। ਇਸ ਮੌਕੇ ਟੀ.ਐਸ.ਯੂ ਦੇ ਆਗੂ ਗੁਰਮੇਲ ਸਿੰਘ, ਲਿਗਲ ਸਿੰਘ, ਗੁਰਬੰਤ ਸਿੰਘ, ਹਰਬੰਸ ਸਿੰਘ, ਗਿਆਨ ਸਿੰਘ ਮੌੜ, ਜਗਜੀਤ ਸਿੰਘ ਵਿਰਕ, ਹਰਦੇਵ ਸਿੰਘ ਨੰਗਲ ਖੁਰਦ, ਸਤਨਾਮ ਸਿੰਘ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜ਼ਰ ਸਨ।

WRITTEN BY