ਮੋਰਿੰਡਾ, 7 ਫਰਵਰੀ (ਹਰਜਿੰਦਰ ਸਿੰਘ ਛਿੱਬਰ)- ਪੰਜਾਬ ਪ੍ਰਾਂਤ ਵੱਲੋਂ ‘ ਖੇਲੋ ਇੰਡੀਆ ’ ਕੌਮੀ ਪੱਧਰੀ 85 ਕਿੱਲੋ ਵਰਗ ਕੁਸ਼ਤੀ ਮੁਕਾਬਲਿਆਂ ’ਚ ਜ਼ਿਲ੍ਹਾ ਰੂਪਨਗਰ ਅਤੇ ਮੋਰਿੰਡਾ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੇ ਪਹਿਲਵਾਨ ਅਭਿਸ਼ੇਕ ਮੰਗੂ ਦਾ ਮੋਰਿੰਡਾ ਪਹੁੰਚਣ ’ਤੇ ਕੋਂਸਲਰ ਵਿਜੇ ਕੁਮਾਰ ਟਿੰਕੂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਅਤੇ ਸਮਾਜ ਸੇਵੀ ਬੰਤ ਸਿੰਘ ਕਲਾਰਾਂ ਦੀ ਅਗਵਾਈ ਹੇਠ ਸ਼ਹਿਰ ਨਿਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਹਿਲਵਾਨ ਅਭਿਸ਼ੇਕ ਮੰਗੂ ਦੇ ਪਿਤਾ ਚਰਨਜੀਤ ਚੰਨੀ ਡੇਅਰੀ ਵਾਲਿਆਂ ਨੇ ਦੱਸਿਆ ਕਿ ਨਵੀ ਦਿੱਲੀ ਵਿਖੇ ਹੋਏ ਕੌਮੀ ਪੱਧਰੀ ‘ ਖੇਲੋ ਇੰਡੀਆ ’ 85 ਕਿੱਲੋ ਵਰਗ ਕੁਸ਼ਤੀ ਮੁਕਾਬਲੇ ਵਿੱਚ ਪਹਿਲਵਾਨ ਅਭਿਸ਼ੇਕ ਮੰਗੂ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਦੱਸਿਆ ਕਿ ਮੰਗੂ ਇਸ ਤੋ ਪਹਿਲਾਂ ਵੀ ਕੁਸ਼ਤੀ ਮੁਕਾਬਲਿਆਂ ਵਿੱਚ 2 ਵਾਰ ਗੋਲਡ ਮੈਡਲ ਜਿੱਤ ਚੁੱਕਾ ਹੈ। ਵਿਜੇ ਕੁਮਾਰ ਟਿੰਕੂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ, ਸਮਾਜ ਸੇਵੀ ਬੰਤ ਸਿੰਘ ਕਲਾਰਾਂ ਅਤੇ ਇੰਸਪੈਕਟਰ ਅਮਨਦੀਪ ਸਿੰਘ ਥਾਣਾ ਮੁੱਖੀ ਮੋਰਿੰਡਾ ਨੇ ਕਿਹਾ ਕਿ ਅਭਿਸ਼ੇਕ ਮੰਗੂ ਮਿਹਨਤੀ ਪਹਿਲਵਾਨ ਹੈ ਉਨ੍ਹਾਂ ਕਿਹਾ ਕਿ ਮੰਗੂ ਕੁਸ਼ਤੀਆਂ ਵਿੱਚ ਜਿੱਤ ਹਾਸਿਲ ਕਰਕੇ ਪਹਿਲਾਂ ਵੀ ਨਾਮਣਾ ਖੱਟ ਚੁੱਕਿਆ ਹੈ। ਦਿੱਲੀ ਵਿੱਚ ਹੋਈਆਂ ਕੋਮੀ ਪੱਧਰ ਦੀਆਂ ਕੁਸ਼ਤੀਆਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਮੰਗੂ ਪਹਿਲਵਾਨ ਨੇ ਅਪਣੇ ਪਿਤਾ ਚਰਨਜੀਤ ਚੰਨੀ ਦੇ ਨਾਲ ਨਾਲ ਪੰਜਾਬ ਪ੍ਰਾਂਤ, ਜ਼ਿਲ੍ਹਾ ਰੂਪਨਗਰ ਅਤੇ ਮੋਰਿੰਡਾ ਇਲਾਕੇ ਦਾ ਵੀ ਨਾਂਅ ਵੀ ਰੋਸ਼ਨ ਕੀਤਾ ਹੈ। ਇਸ ਮੋਕੇ ਵਿਜੇ ਕੁਮਾਰ ਟਿੰਕੂ ਅਤੇ ਬੰਤ ਸਿੰਘ ਕਲਾਰਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪਹਿਲਵਾਨ ਮੰਗੂ ਨੂੰ ਅਪਣੇ ਵੱਲੋ ਇੱਕ-ਇੱਕ ਦੇਸੀ ਘਿਓ ਦਾ ਟੀਨ ਦਿੱਤਾ। ਇਸ ਮੋਕੇ ਸੀਨੀਅਰ ਕਾਂਗਰਸੀ ਪੰਡਿਤ ਵਜੀਰ ਚੰਦ, ਦਫ਼ਤਰ ਸਕੱਤਰ ਨੰਬਰਦਾਰ ਕੁਲਦੀਪ ਸਿੰਘ ਉਇੰਦ, ਗੁਰਵਿੰਦਰ ਸਿੰਘ ਬੰਗੀਆਂ, ਮਾਸਟਰ ਅਜਾਇਬ ਸਿੰਘ, ਸਰਪੰਚ ਤੇਜਿੰਦਰ ਸਿੰਘ ਬਿੱਲੂ ਕਲਾਰਾਂ, ਮਾ. ਕ੍ਰਿਸ਼ਨ ਅਵਤਾਰ ਕੌੜਾ, ਗੁਲਸ਼ਨ ਠੁਕਰਾਲ ਸਾਬਕਾ ਕੋਂਸਲਰ, ਜਸਵਿੰਦਰ ਸਿੰਘ ਰੌਣੀ, ਕਾਂਗਰਸੀ ਆਗੂ ਖੁਸ਼ਹਾਲ ਸਿੰਘ ਦਤਾਰਪੁਰ, ਚੋਧਰੀ ਨਰ ਸਿੰਘ, ਪਾਲ ਸਿੰਘ ਕਾਂਝਲਾ, ਦਲਬੀਰ ਸਿੰਘ ਕਾਂਝਲਾ, ਅਮਰੀਕ ਸਿੰਘ ਢੰਗਰਾਲੀ, ਚਾਂਦਕੀ ਰਾਮ, ਵਿਵੇਕ ਸ਼ਰਮਾ, ਵਰਿੰਦਰ ਸ਼ਰਮਾ ਅਤੇ ਦਰਸ਼ਨ ਸਿੰਘ ਵੱਲੋਂ ਵੀ ਪਹਿਲਵਾਨ ਅਭਿਸ਼ੇਕ ਮੰਗੂ ਦਾ ਸਨਮਾਨ ਕੀਤਾ ਗਿਆ।
ਅਭਿਸ਼ੇਕ ਮੰਗੂ ਨੇ ‘ਖੇਲੋ ਇੰਡੀਆ’ ਕੁਸ਼ਤੀ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦੀ ਝੋਲੀ ਪਾਇਆ



