ਚੰਡੀਗੜ੍ਹ, 27 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ਼ ਸ਼ਕੀਲ ਅਹਿਮਦ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਕਈ ਅਕਾਲੀ ਮੰਤਰੀਆਂ ਤੇ ਪੁਲਿਸ ਅਫਸਰਾਂ ਦੀ ਸ਼ਮੂਲਿਅਤ ਵਾਲੇ ਡਰੱਗ ਸਕੈਂਡਲ ਦੀ ਸੀ.ਬੀ.ਆਈ ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜ੍ਹਤਾਲ ’ਚ ਸ਼ਾਮਿਲ ਹੋਏ। ਦੀਨਾ ਨਗਰ ਤੋਂ ਵਿਧਾਨਕਾਰ ਅਰੂਨਾ ਚੌਧਰੀ ਤੇ ਗੁਰਦਾਸਪੁਰ ਤੋਂ ਗੁਰਮੀਤ ਸਿੰਘ ਪਾਹੜਾ ਨੇ ਪੰਜਾਬ ਕਾਂਗਰਸ ਭਵਨ ਵਿਖੇ ਚੱਲ ਰਹੇ ਕ੍ਰਮਵਾਰ ਵਰਤ ਦੌਰਾਨ ਅੱਜ ਪਾਰਟੀ ਵਰਕਰਾਂ ਦੀ ਅਗਵਾਈ ਕੀਤੀ।ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਹਿਮਦ ਨੇ ਕਿਹਾ ਕਿ ਏ.ਆਈ.ਸੀ.ਸੀ. ਨੇ ਡਰੱਗ
ਸਕੈਂਡਲ ਦੀ ਸੀ.ਬੀ.ਆਈ ਜਾਂਚ ਸਬੰਧੀ ਪ੍ਰਦੇਸ਼ ਕਾਂਗਰਸ ਦੀ ਮੰਗ ਨੂੰ ਪੂਰਾ ਸਮਰਥਨ ਦਿੱਤਾ ਹੈ। ਉਨ੍ਹਾਂ ਦਾ ਵੀ ਮੰਨਣਾ ਹੈ ਕਿ ਸੂਬਾ ਪੁਲਿਸ ਨਸ਼ਾ ਤਸਕਰੀ ਦੇ ਉਸ ਕੇਸ ਦੀ ਜਾਂਚ ਕਰਨ ਦੇ ਕਾਬਿਲ ਨਹੀਂ ਹੈ, ਜਿਸ ’ਚ ਵੱਖ ਵੱਖ ਰਾਜਾਂ ਤੇ ਦੇਸ਼ਾਂ ਨਾਲ ਸਬੰਧਤ ਨਸ਼ਾ ਤਸਕਰ ਸ਼ਾਮਿਲ ਹਨ।
ਅਹਿਮਦ ਨੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ’ਤੇ ਨਸ਼ਾ ਤਸਕਰਾਂ ਨੂੰ ਬਚਾਉਣ ਦਾ ਦੋਸ਼ ਲਗਾਇਆ। ਇਹ ਹੋਰ ਵੀ ਗੰਭੀਰ ਮਾਮਲਾ ਹੈ, ਕਿਉਂਕਿ ਡਰੱਗ ਸਕੈਂਡਲ ’ਚ ਕੁਝ ਮੰਤਰੀ ਵੀ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਮੰਤਰੀਆਂ ’ਤੇ ਲੱਗੇ ਦੋਸ਼ਾਂ ਨੂੰ ਸਾਫ ਕਰਨ ਵਾਸਤੇ ਜਾਂਚ ਸੀ.ਬੀ.ਆਈ ਹਵਾਲੇ ਕਰ ਦੇਣ। ਉਨ੍ਹਾਂ ਨੇ ਕਿਹਾ ਕਿ ਨਸ਼ੇ ਪੰਜਾਬ ਤੋਂ ਸਾਰੇ ਦੇਸ਼ ’ਚ ਸਪਲਾਈ ਹੋ ਰਹੇ ਸਨ। ਜੇ ਅਕਾਲੀ ਆਗੂਆਂ ਦੀ ਡਰੱਗ ਰੈਕੇਟ ’ਚ ਕੋਈ ਭੂਮਿਕਾ ਨਹੀਂ ਹੈ, ਤਾਂ ਜਾਂਚ ਸੌਂਪੇ ਜਾਣ ਉਨ੍ਹਾਂ ਨੂੰ ਸੀ.ਬੀ.ਆਈ ਜਾਂ ਨਾਰਕੋਟਿਕਸ ਕੰਟਰਰੋਲ ਬਿਊਰੋ ਵਰਗੀ ਕਿਸੇ ਹੋਰ ਏਜੰਸੀ ਤੋਂ ਕਲੀਨ ਚਿੱਟ ਮਿਲ ਜਾਵੇਗੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਬਾਦਲ ਸੀ.ਬੀ.ਆਈ ਜਾਂਚ ਤੋਂ ਡਰਦੇ ਹਨ, ਕਿਉਂਕਿ ਜਾਂਚ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਵੀ ਸਾਹਮਣੇ ਆ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹਾਲੇ ਤੱਕ ਜੋ ਖੁਲਾਸਾ ਕੀਤਾ ਹੈ, ਉਹ ਤਾਂ ਪਹਾੜ ਦਾ ਇਕ ਛੋਟਾ ਜਿਹਾ ਹਿੱਸਾ ਹੈ। ਇਸ ਰੈਕੇਟ ਦੀਆਂ ਕਈ ਪਰਤਾਂ ਹਨ ਅਤੇ ਨਸ਼ਾ ਤਸਕਰ ਹਾਲੇ ਵੀ ਸੂਬੇ ’ਚ ਸਰਗਰਮ ਹਨ। ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਕਾਂਗਰਸ ਵੱਲੋਂ ਸ਼ੁਰੂ ਕੀਤੇ ਅਭਿਆਨ ’ਚ ਸ਼ਾਮਿਲ ਹੋਵੇ।
ਇਸ ਮੌਕੇ ਸੰਸਦ ਮੈਂਬਰ ਮੋਹਿੰਦਰ ਸਿੰਘ ਕੇ.ਪੀ, ਏ.ਆਈ.ਸੀ.ਸੀ ਸਕੱਤਰ ਕੇ.ਐਲ. ਸ਼ਰਮਾ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਮਾਲਤੀ ਥਾਪਰ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਿਕ੍ਰਮਜੀਤ ਸਿੰਘ ਚੌਧਰੀ, ਗੁਰਦਾਸਪੁਰ ਤੋਂ ਗੁਰਮੀਤ ਸਿੰਘ ਪਾਹੜਾ, ਗੁਰਬੀਰ ਸਿੰਘ ਘਰਾਲਾ, ਤਰਸੇਮ ਸਹੋਤਾ, ਸੁੱਚਾ ਸਿੰਘ ਰਾਮ ਨਗਰ, ਸੁਰਿੰਦਰ ਸ਼ਰਮਾ, ਪਰਸ਼ੋਤਮ ਲਾਲ ਭੁੱਚੀ ਕੌਂਸਲਰ, ਨੀਰਜ ਸਲਹੋਤਰਾ, ਨਿਰੰਜਨ ਸਿੰਘ ਜੌੜਾ, ਸਤਵੰਤ ਸਿੰਘ ਤੁੰਗ, ਬ੍ਰਿੰਦਰਮੀਤ ਸਿੰਘ ਪਾਹੜਾ, ਬਿਕ੍ਰਮਜੀਤ ਸਿੰਘ ਬਾਬਰੀ, ਅਜੈ ਵਰਮਾ ਤੇ ਦੀਨਾਨਗਰ ਤੋਂ ਦਰਸ਼ਨ ਡੱਲਾ, ਪਰਮਿੰਦਰ ਚੌਹਾਨ, ਰਜਿੰਦਰ ਸਿੰਘ ਲੋਹਗੜ੍ਹ, ਰਕੇਸ਼ ਕੁਮਾਰ, ਅਮਰਜੀਤ ਸਿੰਘ ਨੌਸ਼ੇਰਾ, ਬਚਨ ਸਿੰਘ, ਜ਼ਿੰਮੀ ਬਰਾੜ, ਚੰਦਰ ਸ਼ੇਖਰ, ਸੁਸ਼ਮਾ ਰਾਣੀ, ਪਰਮਜੀਤ ਕੌਰ ਵੀ ਭੁੱਖ ਹੜ੍ਹਤਾਲ ’ਤੇ ਬੈਠੇ।