Skip to content
Independent perspectives. Global stories.
BREAKING

ਬਜਟ 2018: ਖੇਤੀ ਅਤੇ ਪੇਂਡੂ ਖੇਤਰ ਵੱਲ ਵਿਸ਼ੇਸ਼ ਤਵੱਜੋ

Share this story

ਆਮਦਨ ਕਰ ਸਲੈਬ ’ਚ ਕੋਈ ਤਬਦੀਲੀ ਨਹੀਂ ਝ 10 ਕਰੋੜ ਪਰਿਵਾਰਾਂ ਲਈ ਨਵੀਂ ਸਿਹਤ ਬੀਮਾ ਯੋਜਨਾ

ਨਵੀਂ ਦਿੱਲੀ, 1 ਫਰਵਰੀ- ਲੋਕ ਸਭਾ ਦੀਆਂ ਆਮ ਚੋਣਾਂ ਤੋਂ ਲਗਭਗ 14 ਮਹੀਨੇ ਪਹਿਲਾਂ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਵੀਰਵਾਰ ਨੂੰ ਸੰਸਦ ਵਿੱਚ ਰੱਖੇ ਗਏ 2018-19 ਦੇ ਪੂਰੇ ਅਤੇ ਅਖੀਰੀ ਬਜਟ ’ਚ ਖੇਤੀਬਾੜੀ ਅਤੇ ਪੇਂਡੂ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬਜਟ ’ਚ ਗਰੀਬਾਂ ਲਈ ਇੱਕ ਨਵੀਂ ਸਿਹਤ ਬੀਮਾ ਯੋਜਨਾ ਵੀ ਐਲਾਨੀ ਗਈ ਹੈ। ਆਮਦਨ ਕਰ ਦੀ ਦਰ ਅਤੇ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਂਝ ਤਨਖਾਹਦਾਰ ਵਰਗ ਅਤੇ ਬਜ਼ੁਰਗਾਂ ਨੂੰ ਆਮਦਨ ਕਰ ਵਿੱਚ ਕੁਝ ਰਾਹਤ ਦਿੱਤੀ ਗਈ ਹੈ। ਪਹਿਲੀ ਵਾਰ ਬਜਟ ’ਚ ਮੱਧ ਵਰਗ ਵੱਲ ਘੱਟ ਤਵੱਜੋ ਦਿੱਤੀ ਗਈ ਹੈ। ਬਜਟ ਵਿੱਚ ਸਾਫ ਤੌਰ ’ਤੇ ਚੋਣਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਸਰਕਾਰ ਨੇ ਕਾਂਗਰਸ ਦੇ ਪ੍ਰੰਪਰਾਗਤ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਗਰੀਬਾਂ ਅਤੇ ਕਿਸਾਨਾਂ ਲਈ ਵਿਸ਼ੇਸ਼ ਐਲਾਨ ਕੀਤੇ ਹਨ। ਇਸ ਵਿੱਚ ਸਿਹਤ ਬੀਮਾ ਯੋਜਨਾ ਵਿਸ਼ੇਸ਼ ਹੈ, ਜਿਸ ਤਹਿਤ 10 ਕਰੋੜ ਪਰਿਵਾਰਾਂ ਨੂੰ ਹਸਪਤਾਲ ਵਿੱਚ ਇਲਾਜ ਲਈ 5 ਲੱਖ ਰੁਪਏ ਤੱਕ ਸਾਲਾਨਾ ਦਾ ਹੈਲਥ ਕਵਰ ਮਿਲੇਗਾ। ਇਸ ਦਾ ਲਾਭ 40 ਤੋਂ 50 ਕਰੋੜ ਲੋਕਾਂ ਨੂੰ ਪਹੁੰਚਣ ਦਾ ਅਨੁਮਾਨ ਹੈ। ਸਰਕਾਰ ਨੇ ਕਿਸਾਨਾਂ ਲਈ ਵੱਡੀ ਰਾਹਤ ਦਿੰਦੇ ਹੋਏ ਖਰੀਫ ਦੀ ਫਸਲ ਉਪਰ ਡੇਢ ਗੁਣਾਂ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਆਮਦਨ ਕਰ ਵਿੱਚ ਸਟੈਂਡਰਡ ਡਿਡਕਸ਼ਨ ਵਿੱਚ 8 ਹਜ਼ਾਰ ਕਰੋੜ ਦੀ ਰਾਹਤ ਦਿੱਤੀ ਹੈ ਪਰ ਇਸ ਦੇ ਨਾਲ ਹੀ ਹੈਲਥ ਅਤੇ ਐਜੂਕੇਸ਼ਨ ਉਪਰ ਸੈਸ 1 ਫੀਸਦੀ ਵਧਾ ਦਿੱਤਾ ਹੈ, ਜਿਸ ਨਾਲ ਸਰਕਾਰ ਨੂੰ 11 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਵੇਗੀ। ਸਰਕਾਰ 22 ਹਜ਼ਾਰ ਗ੍ਰਾਮੀਣ ਹਾਟ ਨੂੰ ਗ੍ਰਾਮੀਣ ਐਗਰੀਕਲਚਰ ਮਾਰਕੀਟ (ਗ੍ਰਾਮ) ’ਚ ਅਪਗ੍ਰੇਡ ਕਰੇਗੀ। ਇਨ੍ਹਾਂ ਗ੍ਰਾਮਜ਼ ਨੂੰ ਨੈਸ਼ਨਲ ਐਗਰੀਕਲਚਰ ਮਾਰਕੀਟ (ਨਾਮ) ਨਾਲ ਜੋੜਿਆ ਜਾਵੇਗਾ। ਇਸ ਨਾਲ ਕਿਸਾਨ ਆਪਣਾ ਉਤਪਾਦਨ ਸਿੱਧੇ ਤੌਰ ’ਤੇ ਉਪਭੋਗਤਾਵਾਂ ਨੂੰ ਵੇਚ ਸਕਣਗੇ। ਬਜਟ ਵਿੱਚ 8 ਕਰੋੜ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸੋਭਾਗਿਆ ਯੋਜਨਾ ਤਹਿਤ 4 ਕਰੋੜ ਬਿਜਲੀ ਕੁਨੈਕਸ਼ਨ ਵੀ ਦਿੱਤੇ ਜਾਣਗੇ। ਔਰਤਾਂ ਲਈ ਈਪੀਐਫ ’ਚ ਪਹਿਲੇ ਤਿੰਨ ਸਾਲ ਲਈ ਹਿੱਸੇਦਾਰੀ ਘਟਾ ਕੇ 8 ਫੀਸਦੀ ਕਰ ਦਿੱਤੀ ਗਈ ਹੈ। ਨੈਸ਼ਨਲ ਰੂਰਲ ਲਿਵਲੀਹੁਡ ਮਿਸ਼ਨ ਲਈ ਬਜਟ ਵਿੱਚ 5750 ਕਰੋੜ ਰੁਪਏ ਰੱਖੇ ਗਏ ਹਨ। ਔਰਤਾਂ ਦੇ ਸਵੈ ਸਹਾਇਤਾ ਗਰੁੱਪਾਂ ਲਈ ਲੋਨ ਵੀ 75 ਹਜ਼ਾਰ ਕਰੋੜ ਰੁਪਏ ਵਧਾ ਦਿੱਤਾ ਗਿਆ ਹੈ। ਬਜ਼ੁਰਗਾਂ ਲਈ ਜਮ੍ਹਾਂ ਰਾਸ਼ੀਆਂ ’ਤੇ ਮਿਲਣ ਵਾਲੇ ਵਿਆਜ਼ ’ਤੇ ਆਮਦਨ ਕਰ ਦੀ ਛੋਟ 10 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਸਾਲਾਨਾ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਵਿਆਵੰਦਨਾ ਯੋਜਨਾ ਨੂੰ ਮਾਰਚ 2020 ਤੱਕ ਵਧਾ ਦਿੱਤਾ ਗਿਆ ਹੈ। ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਸ੍ਰੀ ਜੇਤਲੀ ਨੇ ਕਿਹਾ ਕਿ ਸੋਸ਼ਿਓ ਇਕਨਾਮਿਕ ਕਾਸਟ ਸੈਂਸ ਦੇ ਮੁਤਾਬਿਕ ਸਰਕਾਰ ਹਰ ਬਜ਼ੁਰਗ, ਵਿਧਵਾ, ਅਨਾਥ ਬੱਚੇ ਅਤੇ ਬੰਚਿਤਾਂ ਤੱਕ ਸਰਕਾਰ ਪਹੁੰਚ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਸਾਲ ਕੌਮੀ ਸਮਾਜਿਕ ਸਹਾਇਤਾ ਪ੍ਰੋਗਰਾਮ ਤਹਿਤ 9975 ਕਰੋੜ ਰੁਪਏ ਖਰਚੇ ਜਾਣਗੇ। ਆਮ ਬਜਟ ਵਿੱਚ ਰੇਲਵੇ ਨੂੰ 1.48 ਲੱਖ ਕਰੋੜ ਰੁਪਏ ਦਿੱਤੇ ਗਏ ਹਨ। ਲਗਾਤਾਰ ਚੌਥੇ ਸਾਲ ਰੇਲ ਕਿਰਾਏ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਸਾਮਾਨ ਦੀ ਢੋਆ-ਢੁਆਈ ਵਿੱਚ ਤੇਜ਼ੀ ਲਿਆਉਣ ਦਾ ਵਾਅਦਾ ਕੀਤਾ ਗਿਆ ਹੈ। ਬਜਟ ਵਿੱਚ ਸਭ ਤੋਂ ਵਧ ਤਵੱਜੋ ਰੇਲਵੇ ਵਿੱਚ ਸੁਰੱਖਿਆ ਅਤੇ ਟਰੈਕਾਂ ਦੀ ਸੰਭਾਲ ਵੱਲ ਦਿੱਤੀ ਗਈ ਹੈ। ਦੇਸ਼ ਵਿੱਚ ਸਾਰੀਆਂ ਨੈਰੋਗੇਜ ਲਾਇਨਾਂ ਨੂੰ ਬ੍ਰਾਡਗੇਜ ਵਿੱਚ ਬਦਲਿਆ ਜਾਵੇਗਾ। ਬਿਨਾ ਸੁਰੱਖਿਆ ਕਰਮਚਾਰੀ ਦੇ 4267 ਰੋਡੇ ਰੇਲਵੇ ਫਾਟਕ ਬੰਦ ਕਰ ਦਿੱਤੇ ਜਾਣਗੇ। ਟ੍ਰੇਨਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੀ ਵੀ ਯੋਜਨਾ ਐਲਾਨੀ ਗਈ ਹੈ। ਇਸੇ ਤਰ੍ਹਾਂ ਪਲੇਟਫਾਰਮਾਂ ਉਪਰ ਵੀ ਹੋਰ ਕੈਮਰੇ ਲੱਗਣਗੇ। ਰੇਲਵੇ ਨੂੰ ਬਜਟ ਸਹਾਇਤਾ 3 ਲੱਖ ਕਰੋੜ ਵਧਾ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਹਵਾਈ ਸੇਵਾਵਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਹਵਾਈ ਅੱਡਿਆਂ ਦੀ ਸਮਰਥਾ ਨੂੰ ਆਉਣ ਵਾਲੇ ਸਮੇਂ ਵਿੱਚ 5 ਗੁਣਾ ਵਧਾਇਆ ਜਾਵੇਗਾ ਤਾਂ ਜੋ ਸਾਲਾਨਾ 1 ਅਰਬ ਫਲਾਇਟਾਂ ਨੂੰ ਹੈਂਡਲ ਕੀਤਾ ਜਾਵੇ। ਬਜਟ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਪਾਲਾਂ ਦੀ ਤਨਖਾਹ ਵਧਾਉਣ ਦਾ ਵੀ ਐਲਾਨ ਕੀਤਾ ਗਿਆ। ਰਾਸ਼ਟਰਪਤੀ ਨੂੰ ਹੁਣ ਡੇਢ ਲੱਖ ਤਨਖਾਹ ਮਿਲਦੀ ਹੈ ਜੋ ਵਧ ਕੇ 5 ਲੱਖ ਹੋ ਜਾਵੇਗੀ। ਉਪ ਰਾਸ਼ਟਰਪਤੀ ਦੀ ਤਨਖਾਹ 1 ਲੱਖ 20 ਹਜ਼ਾਰ ਤੋਂ ਵਧ ਕੇ 4 ਲੱਖ ਹੋ ਜਾਵੇਗੀ। ਰਾਜਪਾਲਾਂ ਨੂੰ 1 ਲੱਖ 10 ਹਜ਼ਾਰ ਦੀ ਥਾਂ 3.5 ਲੱਖ ਤਨਖਾਹ ਮਿਲੇਗੀ। ਸੰਸਦ ਮੈਂਬਰਾਂ ਦੀ ਤਨਖਾਹ ਹਰ 5 ਸਾਲਾਂ ਬਾਅਦ ਰਵਾਇਜ਼ ਕੀਤੀ ਜਾਵੇਗੀ। ਰੱਖਿਆ ਬਜਟ ’ਚ ਇਸ ਸਾਲ 7.81 ਫੀਸਦੀ ਵਾਧਾ ਕੀਤਾ ਗਿਆ ਹੈ। ਰੱਖਿਆ ਬਜਟ ਲਈ 2.95 ਲੱਖ ਕਰੋੜ ਰੁਪਏ ਰੱਖੇ ਗਏ ਹਨ। ਸਰਕਾਰ ਦੋ ਡਿਫੈਂਸ ਇੰਡਸਟਰੀਅਲ ਕੋਰੀਡੋਰ ਬਣਾਵੇਗੀ। ਇਸ ਤੋਂ ਇਲਾਵਾ ਉਦਯੋਗ ਫਰੈਂਡਲੀ ਮਿਲਟਰੀ ਪ੍ਰੋਡਕਸ਼ਨ ਪਾਲਿਸੀ ਵੀ ਲਿਆਂਦੀ ਜਾਵੇਗੀ। ਸਰਕਾਰ ਇਸ ਸਾਲ 99,947 ਕਰੋੜ ਰੁਪਏ ਦੇ ਨਵੇਂ ਹਥਿਆਰ, ਏਅਰਕਰਾਫਟ, ਜੰਗੀ ਜਹਾਜ਼ ਅਤੇ ਹੋਰ ਮਿਲਟਰੀ ਸਾਜੋ ਸਾਮਾਨ ਖਰੀਦੇਗੀ। ਆਧਾਰ ਢਾਂਚੇ ਦੀ ਉਸਾਰੀ ਲਈ 1 ਲੱਖ ਕਰੋੜ ਰੁਪਏ ਦੇ ਵਾਧੇ ਨਾਲ 5.97 ਲੱਖ ਕਰੋੜ ਰੁਪਏ ਰੱਖੇ ਗਏ ਹਨ। 2018-19 ਦੌਰਾਨ 9000 ਕਿਲੋਮੀਟਰ ਤੱਕ ਨੈਸ਼ਨਲ ਹਾਈਵੇਅ ਪੂਰੇ ਹੋ ਜਾਣਗੇ। ਕਸਟਮ ਦਰਾਂ ਵਿੱਚ ਵਾਧੇ ਨਾਲ ਮੋਬਾਇਲ ਫੋਨ ਅਤੇ ਮੋਬਾਇਲ ਦੇ ਨਾਲ ਸਬੰਧਿਤ ਹੋਰ ਸਾਜੋ ਸਾਮਾਨ ਮਹਿੰਗਾ ਹੋ ਜਾਵੇਗਾ। ਇਸੇ ਤਰ੍ਹਾਂ ਟੀਵੀ ਅਤੇ ਟੀਵੀ ਦੇ ਹਿੱਸੇ ਪੁਰਜੇ ਵੀ ਮਹਿੰਗੇ ਹੋਣਗੇ ਕਿਉਂਕਿ ਕਸਟਮ ਡਿਊਟੀ 7.5 ਤੋਂ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉਪਰ ਐਕਸਾਇਜ਼ ਡਿਊਟੀ 2 ਰੁਪਏ ਪ੍ਰਤੀ ਲੀਟਰ ਘਟਾ ਦਿੱਤੀ ਹੈ। ਇਸ ਨਾਲ ਅੱਧੀ ਰਾਤ ਤੋਂ ਪੈਟਰੋਲ ਡੀਜ਼ਲ 2 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ।

WRITTEN BY