ਪਾਤੜਾਂ, 29 ਜਨਵਰੀ (ਪ੍ਰੇਮ ਵਧਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਰਹਿਨੁਮਾਈ ਹੇਠ 12 ਫਰਵਰੀ ਨੂੰ 20ਵੀਂ ਸਦੀ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਫਤਿਹਗੜ ਸਾਹਿਬ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਪਾਰਟੀ ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇ: ਬਲਕਾਰ ਸਿੰਘ ਭੁੱਲਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਤੜਾਂ, ਸਮਾਣਾ, ਸ਼ੁਤਰਾਣਾ, ਘੱਗਾ, ਬਾਦਸ਼ਾਹਪੁਰ, ਠਰੂਆ ਸਰਕਲਾਂ ਵਿੱਚ ਸੰਗਤਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਿਸ ਵਿੱਚ ਸੰਗਤਾਂ ਸ਼ਰਧਾ ਅਤੇ ਭਾਰੀ ਉਤਸ਼ਾਹ ਨਾਲ ਵੱਡੀ ਗਿਣਤੀ ਵਿੱਚ ਜਿਨਾਂ ਵਿੱਚ ਵਧੇਰੇ ਨੌਜਵਾਨ ਜਥਿਆਂ ਦੇ ਰੂਪ ਵਿੱਚ ਫਤਿਹਗੜ ਸਾਹਿਬ ਵਿਖੇ ਪਹੁੰਚਣਗੇ। ਜਥੇ: ਭੁੱਲਰ ਨੇ ਕਿਹਾ ਕਿ 12 ਫਰਵਰੀ ਨੂੰ ਸੰਤ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਵੱਡੇ ਸਮਾਗਮ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪਾਤੜਾਂ, ਸਮਾਣਾ ਤੋਂ ਵਿਸ਼ਾਲ ਕਾਫਲੇ ਫਤਿਹਗੜ ਸਾਹਿਬ ਵਿਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਜੀ ਨੌਜਵਾਨਾਂ ਦੇ ਦਿਲਾਂ ਵਿੱਚ ਹਨ ਅਤੇ ਭਵਿੱਖ ਵਿੱਚ ਸੰਤਾਂ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸੂਬੇ ਦੇ ਨੌਜਵਾਨ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਇਕੱਠੇ ਹੋਣਗੇ ਅਤੇ ਉਨ੍ਹਾਂ ਨਾਲ ਮਿਲ ਕੇ ਮਿਥੇ ਟੀਚੇ ਨੂੰ ਪ੍ਰਾਪਤ ਕਰਨਗੇ।
ਪਾਤੜਾਂ, ਸਮਾਣਾ ਤੋਂ 12 ਨੂੰ ਕਾਫਲੇ ਫਤਿਹਗੜ ਸਾਹਿਬ ਜਾਣਗੇ : ਜਥੇ: ਭੁੱਲਰ



