ਜੈਤੋ, 29 ਜਨਵਰੀ (ਸਤਵਿੰਦਰਪਾਲ ਸਿੰਘ ਸੱਤੀ)- ਸਥਾਨਕ ਸ਼ਹਿਰ ਅੰਦਰ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋ ਯੂਨੀਵਰਸਿਟੀ ਕਾਲਜ ਪਟਿਆਲਾ ਦੇ ਕੈਪਸ ਜੈਤੋ ਵਿੱਚ ਵਿਦਿਆਰਥੀਆਂ ਦੇ ਦੋ ਗੁੱਟਾਂ ਦੀ ਆਪਸੀ ਤਕਰਾਰ ਵਿੱਚ ਪਹੁੰਚੇ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਦੀ ਗੋਲੀ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾ ਤਿੰਨ ਵਿਦਿਆਰਥੀਆਂ ਦਾ ਰੌਲਾ ਚੱਲ ਰਿਹਾ ਸੀ। ਜਿਸ ਦੇ ਚਲਦਿਆ ਜੈਤੋ ਕਾਲਜ ਦੇ ਵਿਦਿਆਰਥੀਆਂ ਨੇ ਡੀ.ਐਸ.ਪੀ ਬਲਜਿੰਦਰ ਸਿੰਘ ਨਾਲ ਮਿਲ ਕੇ ਇਹ ਮਾਮਲਾ ਲਗਭਗ ਹੱਲ ਕਰ ਲਿਆ ਗਿਆ ਸੀ। ਅਚਾਨਕ ਬਰਨਾਲਾ ਤੋ ਇੱਕ ਸਟੂਡੈਂਟ ਆਗੂ ਗੁਰਜਿੰਦਰ ਸਿੰਘ ਵਿਦਿਆਰਥੀ (ਜੀਦਾ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੀ ਦਖਲ ਅੰਦਾਜੀ ਸਦਕਾ ਇਸ ਮਸਲੇ ਨੇ ਹੱਲ ਹੋਣ ਦੀ ਬਜਾਏ ਗੰਭੀਰ ਰੂਪ ਅਖਤਿਆਰ ਕਰ ਲਿਆ। ਅੱਜ ਗੁਰਜਿੰਦਰ ਸਿੰਘ ਵਿਦਿਆਰਥੀ, ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਨੇ ਆਪਣੇ ਸਾਥੀਆਂ ਸਮੇਤ ਯੂਨੀਵਰਸਿਟੀ ਕਾਲਜ ਪਟਿਆਲਾ ਦੇ ਕੈਪਸ ਜੈਤੋ ਵਿੱਚ ਜਬਰੀ ਦਾਖਿਲ ਹੋ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਲੱਗੇ ਅਤੇ ਭੜਕਾਊ ਭਾਸ਼ਣ ਦੇਣ ਲੱਗ ਪਏ। ਇਸ ਦੇ ਚਲਦਿਆ ਲੋਕਲ ਵਿਦਿਆਰਥੀ ਯੂਨੀਅਨ ਨੇ ਇਸ ਘਟਨਾ ਦੀ ਜਾਣਕਾਰੀ ਪੁਲਿਸ ਅਤੇ ਪੱਤਰਕਾਰਾਂ ਨੂੰ ਦਿੱਤੀ ਕਿ ਕੁਝ ਬਾਹਰੋ ਆਏ ਵਿਦਿਆਰਥੀ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਕਾਲਜ ਕੈਪਸ ਵਿੱਚ ਹੰਗਾਮਾ ਕਰ ਰਹੇ ਹਨ । ਇਸ ਘਟਨਾਂ ਦੀ ਜਾਣਕਾਰੀ ਮਿਲਦਿਆ ਸਾਰ ਹੀ ਡੀ.ਐਸ.ਪੀ ਜੈਤੋ ਬਲਜਿੰਦਰ ਸਿੰਘ ਸੰਧੂ ਆਪਣੀ ਪੂਰੀ ਪੁਲਿਸ ਪਾਰਟੀ ਨਾਲ ਕਾਲਜ ਦੇ ਕੈਂਪਸ ਵਿੱਚ ਪਹੁੰਚ ਗਏ ਅਤੇ ਬਾਹਰੋ ਆਏ ਵਿਦਿਆਰਥੀਆਂ ਨੂੰ ਸ਼ਾਂਤ ਕਰਵਾਉਣ ਲੱਗ ਗਏ। ਗੁਰਜਿੰਦਰ ਸਿੰਘ ਵਿਦਿਆਰਥੀ, ਅਤੇ ਕੁਝ ਹਰ ਆਗੂਆ ਨੇ ਡੀ.ਐਸ.ਪੀ ਜੈਤੋ ਬਲਜਿੰਦਰ ਸਿੰਘ ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਪੁਲਿਸ ਧੱਕੇਸ਼ਾਹੀ ਕਰ ਰਹੀ ਹੈ , ਤਾ ਅਚਾਨਕ ਡੀ.ਐਸ.ਪੀ ਜੈਤੋ ਬਲਜਿੰਦਰ ਸਿੰਘ ਸੰਧੂ ਨੇ ਆਪਣੀ ਸਰਵਿਸ ਰਿਵਾਲਵਰ ਕੱਢੀ ਤੇ ਆਪਣੀ ਕੰਨ ਪੱਟੀ ਤੇ ਲਗਾ ਕੇ ਗੋਲੀ ਚਲਾ ਦਿੱਤੀ ਜੋ ਕਿ ਡੀ.ਐਸ.ਪੀ ਦੇ ਸਿਰ ਦੇ ਆਰਪਾਰ ਹੋ ਕੇ ਦੂਸਰੇ ਕਰਮਚਾਰੀ ਹੋਲਦਾਰ ਗੁਰਲਾਲ ਸਿੰਘ ਦੇ ਜਾ ਲੱਗੀ ਜਿਸ ਦੇ ਫ਼ਲਸਵਰੂਪ ਡੀ ਐਸ ਪੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਗੁਰਲਾਲ ਸਿੰਘ ਗੰਭੀਰ ਜਖਮੀ ਹੋ ਗਿਆ ਤੇ ਉਹ ਖਬਰ ਲਿਖੇ ਜਾਣ ਤੱਕ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਜੇਰੇ ਇਲਾਜ ਸੀ। ਇਸ ਦੀ ਸੂਚਨਾ ਮਿਲਦਿਆਂ ਹੀ ਐਸ ਪੀ (ਡੀ) ਬਹਾਦਰ ਸਿੰਘ ਘਟਨਾ ਸਥਾਨ ਤੇ ਪੁੱਜ ਕੇ ਸਥਿਤੀ ਦਾ ਜਾਇਜਾ ਲਿਆ।
ਵਿਦਿਆਰਥੀਆਂ ਦੇ ਦੋ ਗੁੱਟਾਂ ਦੀ ਆਪਸੀ ਤਕਰਾਰ ’ਚ ਡੀ.ਐਸ.ਪੀ ਦੀ ਗੋਲੀ ਲੱਗਣ ਨਾਲ ਮੌਤ



