ਭਵਾਨੀਗੜ੍ਹ, 24 ਜਨਵਰੀ (ਕ੍ਰਿਸ਼ਨ ਗਰਗ)-ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮਸਤੂਆਣਾ ਸਾਹਿਬ ਵਿਖੇ ਬਣੇ ਨਕਲੀ ਹਰਮਿੰਦਰ ਦੀ ਉਸਾਰੀ ਨੂੰ ਢਾਹੁਣ ਸਬੰਧੀ ਜਾਰੀ ਕੀਤੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪਿਛਲੇ 4 ਦਿਨਾਂ ਤੋਂ ਇਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਗੇਟ ਅਗੇ ਮਰਨ ਵਰਤ ਉਤੇ ਬੈਠੇ ਜਥੇਦਾਰ ਪ੍ਰਸੋਤਮ ਸਿੰਘ ਫਗੂਵਾਲਾ ਨੇ ਅਜ ਸ਼੍ਰੋਮਣੀ ਕਮੇਟੀ ਵਲੋਂ ਇਕ ਮਹੀਨੇ ਅੰਦਰ ਹੁਕਮਾਂ ਨੂੰ ਲਾਗੂ ਕਰਨ ਦੇ ਦਿਤੇ ਭਰੋਸੇ ਉਪਰੰਤ ਆਪਣਾ ਮਰਨ ਵਰਤ ਖੋਲ ਦਿਤਾ। ਜਥੇਦਾਰ ਫਗੂਵਾਲਾ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਕਮੇਟੀ ਮੈਂਬਰ ਭਾਈ ਭੁਪਿੰਦਰ ਸਿੰਘ ਭਲਵਾਨ ਉਚੇਚੇ ਤੌਰ ’ਤੇ ਪਹੁੰਚੇ। ਭਾਈ ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਸ੍ਰੀ ਹਰਮਿੰਦਰ ਸਾਹਿਬ ਦੀ ਸਿਖ ਹਿਰਦਿਆਂ ਅਤੇ ਸਮੁਚੀ ਮਾਨਵਤਾ ਅੰਦਰ ਬਹੁਤ ਸ਼ਰਧਾ ਅਤੇ ਸਥਾਨ ਹੈ। ਇਸਦੀ ਕੋਈ ਵੀ ਨਕਲ ਨਹੀਂ ਕਰ ਸਕਦਾ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਸਲੇ ਸਬੰਧੀ ਹਰਦੇਵ ਸਿੰਘ ਰੋਗਲਾ, ਕਰਨੈਲ ਸਿੰਘ ਪੰਜੋਲੀ, ਮਲਕੀਤ ਸਿੰਘ ਚੰਗਾਲ ਅਤੇ ਭੁਪਿੰਦਰ ਸਿੰਘ ਭਲਵਾਨ ਦੇ ਅਧਾਰ ਤੇ ਚਾਰ ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਇਸ ਨਕਲੀ ਹਰਮਿੰਦਰ ਦੀ ਦਿਖ ਬਦਲਣ ਲਈ ਇਕ ਮਹੀਨੇ ਅੰਦਰ ਆਪਣੀ ਕਾਰਵਾਈ ਸ਼ੁਰੂ ਕਰ ਦੇਵੇਗੀ। ਇਸ ਮੌਕੇ ਹਾਜਰ ਯੂਨਾਈਟਡ ਅਕਾਲੀ ਦਲ ਦੇ ਸਕਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸ਼੍ਰੋਮਣੀ ਕਮੇਟੀ ਦੇ ਭਰੋਸੇ ਦਾ ਸੁਆਗਤ ਕਰਦਿਆਂ ਜਥੇਦਾਰ ਫਗੂਵਾਲਾ ਨੂੰ ਮਰਨ ਵਰਤ ਖੋਲਣ ਦੀ ਅਪੀਲ ਕੀਤੀ। ਇਸ ਉਪਰੰਤ ਫਗੂਵਾਲਾ ਨੇ ਮਰਨ ਵਰਤ ਖੋਲਕੇ ਸਾਰੀ ਸੰਗਤ ਦਾ ਧੰਨਵਾਦ ਕੀਤਾ।
ਸ਼੍ਰੋਮਣੀ ਕਮੇਟੀ ਦੇ ਭਰੋਸੇ ਪਿੱਛੋਂ ਜਥੇਦਾਰ ਫਗੂਵਾਲਾ ਨੇ ਮਰਨ ਵਰਤ ਤੋੜਿਆ



