ਫ਼ਤਹਿਗੜ੍ਹ ਸਾਹਿਬ, 24 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਮਾਤਾ ਗੁਜਰੀ ਕਾਲਜ ਵਲੋਂ ਇਲਾਕੇ ਦੀਆਂ ਵਿਦਿਅਕ ਲੋੜਾਂ ਨੂੰ ਮੁੱਖ ਰੱਖਦੇ ਹੋਏ ਇੱਕ ਨਵੇਂ ਕਿੱਤਾ ਮੁਖੀ ਕੋਰਸ ਡੇਅਰੀ ਸਾਇੰਸ ਸ਼ੁਰੂ ਕੀਤਾ ਗਿਆ। ਐਸ.ਜੀ.ਪੀ.ਸੀ ਦਾ ਇਹ ਪਹਿਲਾ ਕਾਲਜ ਹੈ, ਜਿਥੇ ਇਹ ਕੋਰਸ ਚਲਾਇਆ ਜਾ ਰਿਹਾ ਹੈ। ਇਸ ਮੌਕੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਚੇਅਰਮੈਨ ਸ. ਮੋਹਣ ਸਿੰਘ ਡੂਮੇਵਾਲ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਮੁਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਾਲਜ ਲਈ ਮਾਣ ਦੀ ਗੱਲ ਹੈ ਕਿ ਉਹ ਨੌਜਵਾਨਾਂ ਨੂੰ ਕਿੱਤਾ ਮੁਖੀ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ। ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਡੇਅਰੀ ਸਾਇੰਸ ਦਾ ਇਹ ਕੋਰਸ ਯੂ.ਜੀ.ਸੀ ਨਵੀਂ ਦਿੱਲੀ ਵੱਲੋਂ ਸਪੋਂਸਰਡ ਕੋਰਸ ਹੈ ਅਤੇ ਇਹ ਨੌਜਵਾਨਾਂ ਨੂੰ ਇੱਕ ਵਧੀਆ ਰੁਜਗਾਰ ਦੇਵੇਗਾ। ਇਸ ਮੌਕੇ ਮੁਖ ਮਹਿਮਾਨ ਸ. ਮੋਹਣ ਸਿੰਘ ਡੂਮੇਵਾਲ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਅਜਿਹੇ ਕਿੱਤਾ ਮੁਖੀ ਕੋਰਸਾਂ ਦੀ ਨੌਜਵਾਨਾਂ ਨੂੰ ਵਧੇਰੇ ਲੋੜ ਹੈ ਤਾਂ ਜੋ ਪੜ੍ਹਾਈ ਤੋਂ ਬਾਅਦ ਨੌਕਰੀ ਦੀ ਝਾਕ ਰੱਖਣ ਦੀ ਥਾਂ ਆਪਣਾ ਕਾਰੋਬਾਰ ਚਲਾਉਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸ ਕੋਰਸ ਦੀ ਮਦਦ ਨਾਲ ਵਿਦਿਆਰਥੀ ਨਵੀਆਂ ਤਕਨੀਕਾਂ ਵਰਤ ਕੇ ਆਪਣੇ ਪਿਤਾ ਪੁਰਖੀ ਸਹਾਇਕ ਧੰਦਿਆਂ ਨੂੰ ਕਾਮਯਾਬ ਬਣਾ ਸਕਦੇ ਹਨ। ਇਸ ਕੋਰਸ ਦੇ ਨੋਡਲ ਅਫ਼ਸਰ ਡਾ. ਸੋਰਵ ਗੁਪਤਾ ਨੇ ਦੱਸਿਆ ਕਿ ਡੇਅਰੀ ਸਾਇੰਸ ਦੇ ਇਸ ਕੋਰਸ ਵਿੱਚ ਕੁਲ 40 ਸੀਟਾਂ ਹਨ ਤੇ ਇਸ ਵਿੱਚ +2 ਪਾਸ ਵਿਦਿਆਰਥੀ ਦਾਖਲਾ ਲੈ ਸਕਦਾ ਹੈ। ਇਸ ਮੌਕੇ ਕਾਲਜ ਦੇ ਯੂ.ਜੀ.ਸੀ ਕਾਰਡੀਨੇਟਰ ਪ੍ਰੋ. ਅਨੁਪ੍ਰੀਤ ਸਿੰਘ ਟਿਵਾਣਾ, ਡੇਅਰੀ ਸਾਇੰਸ ਦੇ ਪ੍ਰਫੈਸਰ ਸਾਹਿਬਾਨ ਅਤੇ ਵਿਦਿਆਰਥੀ ਹਾਜਰ ਸਨ।
ਮਾਤਾ ਗੁਜਰੀ ਕਾਲਜ ’ਚ ਡੇਅਰੀ ਸਾਇੰਸ ਡਿਪਲੋਮਾ ਦੀਆਂ ਕਲਾਸਾਂ ਸ਼ੁਰੂ



