ਪਿਛਲੇ ਦੋ-ਚਾਰ ਸਾਲ ਤੋਂ ਧੜਾਧੜ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ ਜਿਨ੍ਹਾਂ ’ਚ ਪੰਜਾਬੀ ਗਾਇਕਾਂ, ਕਮੇਡੀਅਨਾਂ ਤੇ ਬਾਲੀਵੁੱਡ ਦੇ ਨਾਇਕਾਂ ਤੇ ਫ਼ਿਲਮਸਾਜ਼ਾਂ ਦੀ ਹੀ ਤੂਤੀ ਬੋਲਦੀ ਰਹੀ ਹੈ। ਸਾਲ 2013 ਵਿੱਚ ਬਹੁਤੀਆਂ ਪੰਜਾਬੀ ਫ਼ਿਲਮਾਂ ਸਿਰਫ ਕਾਮੇਡੀ ਰੂਪ ਵਿੱਚ ਹੀ ਵੇਖਣ ਨੂੰ ਮਿਲੀਆਂ। ਇੱਥੇ ਇਹ ਗੱਲ ਵਿਚਾਰਨਯੋਗ ਹੈ ਕਿ ਵੱਡੀਆਂ ਰਕਮਾਂ ਖਰਚ ਕੇ ਅਤੇ ਵੱਡੀ ਸਟਾਰ-ਕਾਸਟ ਨਾਲ ਬਣੀਆਂ ਇਨ੍ਹਾਂ ਪੰਜਾਬੀ ਫ਼ਿਲਮਾਂ ਦਾ ਰਿਲੀਜ਼ ਮਗਰੋਂ ਨਤੀਜਾ ਭਾਵੇਂ ਸਿਫ਼ਰ ਰਹਿੰਦਾ ਹੈ, ਪਰ ਅਖ਼ਬਾਰਾਂ, ਟੀਵੀ ਚੈਨਲਾਂ ਰਾਹੀਂ ਕੀਤੇ ਪ੍ਰਚਾਰ ਦੌਰਾਨ ਫ਼ਿਲਮ ਨੂੰ ਹਿੱਟ ਹੀ ਦੱਸਿਆ ਜਾਂਦਾ ਹੈ।ਪੰਜਾਬੀ ਫ਼ਿਲਮਾਂ ਦਾ ਫ਼ਲਾਪ ਹੋਣਾ, ਇੰਡਸਟਰੀ ਵਿੱਚ ਕੰਮ ਕਰਦੇ ਲੋਕਾਂ ਦੀ ਹੀ ਦੇਣ ਹੈ। ਅੱਜ ਇੱਕ ਦੂਜੇ ਦੇ ਵਿਸ਼ੇ ਦੀ ਨਕਲ ਕਰ ਤੋੜ-ਮਰੋੜ ਕੇ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ। ਬਹੁਤੀਆਂ ਪੰਜਾਬੀ ਫ਼ਿਲਮਾਂ ਦਾ ਰੰਗ-ਰੂਪ ਹਿੰਦੀ ਫ਼ਿਲਮਾਂ ਦੀ ਨਕਲ ’ਤੇ ਹੀ ਕੇਂਦਰਤ ਹੈ। ਹਿੰਦੀ ਫ਼ਿਲਮਾਂ ਵਾਂਗ ਹੀ ਪੰਜਾਬੀ ਫ਼ਿਲਮਾਂ ’ਚ ਦੋ-ਅਰਥੀ ਕਾਮੇਡੀ ਆਮ ਹੀ ਵੇਖਣ ਨੂੰ ਮਿਲ ਰਹੀ ਹੈ, ਉਪਰੋਂ ਇਨ੍ਹਾਂ ਫ਼ਿਲਮਾਂ ਵਿਚ ਵਿਖਾਇਆ ਪਹਿਰਾਵਾ ਪੰਜਾਬੀਆਂ ਨਾਲ ਮੇਲ ਹੀ ਨਹੀਂ ਖਾਂਦਾ।
ਤਿੰਨ ਕੁ ਦਹਾਕੇ ਪਹਿਲਾਂ ਹਰ ਫ਼ਿਲਮ ਦੇ ਨਾਮ ਨਾਲ ‘ਜੱਟ’ ਹੀ ਲਗਾਇਆ ਜਾ ਰਿਹਾ ਸੀ। ਬਹੁਗਿਣਤੀ ਫ਼ਿਲਮਾਂ ‘ਜੱਟ’ ਨਾਮ ਆ ਜਾਣ ਕਰਕੇ ਇਹ ਫ਼ਿਲਮਾਂ ਫ਼ਲਾਪ ਹੋ ਗਈਆਂ। ਠੀਕ ਉਹੀ ਰੁਝਾਨ ਅੱਜ ਦੇ ਫ਼ਿਲਮਸਾਜ਼ਾਂ ਨੇ ਫੜ੍ਹ ਲਿਆ ਹੈ। ਪਹਿਲਾਂ ਵਾਂਗ ਅੱਜ ਵੀ ‘ਜੱਟ’ ਸ਼ਬਦ ਪੰਜਾਬੀ ਫ਼ਿਲਮਾਂ ਨੂੰ ਨਿਘਾਰ ਵੱਲ ਹੀ ਲਿਜਾ ਰਿਹਾ ਹੈ। ਪੰਜਾਬ ਦੇ ਬਹੁਤੇ ਜੱਟਾਂ ਦੀ ਅੱਜ ਜੋ ਹਾਲਤ ਹੈ, ਉਹ ਸਾਡੇ ਸਾਹਮਣੇ ਹੈ। ਜੱਟ ਕਰਜ਼ੇ ਤੇ ਗ਼ਲਤ ਖੇਤੀ ਦੇ ਸਤਾਏ ਖੁਦਕੁਸ਼ੀਆਂ ਕਰ ਰਹੇ ਹਨ। ਜੱਟਾਂ ਦੇ ਚਰਿੱਤਰ ਦਾ ਘਾਣ ਕੀਤਾ ਜਾ ਰਿਹਾ ਹੈ। ਇਹ ਪੰਜਾਬ ਦਾ ਜੱਟਵਾਦ ਨਹੀਂ ਹੈ।
ਹਰਭਜਨ ਮਾਨ ਤੇ ਮਨਮੋਹਨ ਸਿੰਘ ਦੀ ਜੋੜੀ ਨੇ ਜਿੱਥੇ ਪੰਜਾਬੀ ਫ਼ਿਲਮਾਂ ਦੀ ਸ਼ੁਰੂਆਤ ਚੰਗੀਆਂ ਕਹਾਣੀਆਂ ਨਾਲ ਕੀਤੀ ਸੀ, ਉਥੇ ਉਨ੍ਹਾਂ ਦੀਆਂ ਫ਼ਿਲਮਾਂ ਦੇ ਨਾਂਅ ਦਿਲ ਨੂੰ ਛੂਹਣ ਵਾਲੇ ਸੀ ਜਿਵੇਂ ‘ਅਸਾਂ ਨੂੰ ਮਾਣ ਵਤਨਾਂ ਦਾ, ਜੀ ਆਇਆਂ ਨੂੰ, ਮਿੱਟੀ ਵਾਜਾਂ ਮਾਰਦੀ’ ਆਦਿ, ਪਰ ਅੱਜ ਦੀਆਂ ਪੰਜਾਬੀ ਫ਼ਿਲਮਾਂ ਦੇ ਨਾਵਾਂ ’ਚ ਜੱਟ ਸ਼ਬਦ ਭਾਰੂ ਹੋ ਗਿਆ ਹੈ ਜਿਵੇਂ ‘ਜੱਟ ਐਂਡ ਜੂਲੀਅਟ, ਜੱਟ ਇਨ ਗੋਲਮਾਲ, ਜੱਟ ਇਨ ਮੂਡ, ਜੱਟ ਬੁਆਏਜ਼, ਜੱਟ ਏਅਰਵੇਜ਼’ ਤੋਂ ਬਿਨਾਂ ਅੰਗਰੇਜ਼ੀ ਸ਼ਬਦ ‘ਡੈਡੀ ਕੂਲ ਮੁੰਡੇ ਫੂਲ’ ਆਦਿ। ਜਦੋਂ ਫ਼ਿਲਮ ਪੰਜਾਬੀ ਹੈ ਤਾਂ ਨਾਮ ਅੰਗਰੇਜ਼ੀ ਵਿੱਚ ਰੱਖਣ ਦੀ ਕੀ ਮਜਬੂਰੀ ਹੈ। ਨਾਂਅ ਤੋਂ ਬਿਨਾਂ ਇਨ੍ਹਾਂ ਫ਼ਿਲਮਾਂ ’ਚ ਬਹੁਤ ਹੀ ਹਲਕੇ ਪੱਧਰ ਦੀ ਕਹਾਣੀ ਪੇਸ਼ ਕੀਤੀ ਜਾ ਰਹੀ ਹੈ। ਅਸ਼ਲੀਲ ਤੇ ਲੱਚਰ ਡਾਇਲਾਗ ਤੇ ਉਪਰੋਂ ਰਹਿੰਦੀ ਕਸਰ ਗਾਲ੍ਹਾਂ ਵਾਲੀ ਸ਼ਬਦਾਵਲੀ ਪੂਰੀ ਕਰ ਦਿੰਦੀ ਹੈ।
ਇਸ ਤੋਂ ਬਿਨਾਂ ਧਾਰਮਿਕ ਫ਼ਿਲਮਾਂ ਦਾ ਪਾਸਾ ਵੀ ਚੰਗਾ ਨਹੀਂ ਹੈ। ਫ਼ਿਲਮਾਂ ਤਾਂ ਸਿੱਖ-ਧਰਮ ਜਾਂ ਸਿੱਖ ਚਿੰਨ੍ਹਾਂ ’ਤੇ ਬਣ ਰਹੀਆਂ ਹਨ, ਪਰ ਇਨ੍ਹਾਂ ਵਿਚਲੇ ਕਲਾਕਾਰਾਂ ਦਾ ਸਿੱਖੀ ਨਾਲ ਦੂਰ ਦਾ ਵੀ ਵਾਹ-ਵਾਸਤਾ ਨਹੀਂ ਹੈ। ਹਾਲਾਂਕਿ ਸਿੱਖ ਧਰਮ ਤੇ ਸਿੱਖੀ ਦੇ ਫਲਸਫ਼ੇ ’ਤੇ ਵਧੀਆ ਤੇ ਮਿਆਰੀ ਫ਼ਿਲਮਾਂ ਬਣਾਈਆਂ ਜਾ ਸਕਦੀਆਂ ਹਨ, ਲੋੜ ਹੈ ਸਿੱਖ-ਸੰਸਥਾਵਾਂ ਤੇ ਸਿੱਖ ਸ਼ਖ਼ਸੀਅਤਾਂ ਦੇ ਅੱਗੇ ਆਉਣ ਦੀ ਤਾਂ ਜੋ ਕੁਰਾਹੇ ਤੇ ਨਸ਼ਿਆਂ ਵਿਚ ਗਲਤਾਨ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।
ਇਸ ਵਿੱਚ ਕੋਈ ਸ਼ੱਕ ਜਾਂ ਦੋ ਰਾਇ ਨਹੀਂ ਕਿ ਤਕਨੀਕ ਪੱਖ ਤੋਂ ਅੱਜ ਪੰਜਾਬੀ ਸਿਨਮਾ ਪੂਰੀ ਤਰ੍ਹਾਂ ਵਿਕਸਿਤ ਹੁੰਦਾ ਬਾਲੀਵੁੱਡ ਨੂੰ ਟੱਕਰ ਦੇ ਰਿਹਾ ਹੈ। ਫ਼ਿਲਮਸਾਜ਼ ਸੁਭਾਸ਼ ਘਈ ਅਤੇ ਧਰਮਿੰਦਰ ਤੇ ਪੂਨਮ ਢਿੱਲੋਂ ਜਿਹੇ ਅਦਾਕਾਰਾਂ ਦਾ ਪਾਲੀਵੁੱਡ ਨਾਲ ਜੁੜਨਾ ਵੱਡੀ ਪ੍ਰਾਪਤੀ ਹੈ। ਕੌਮੀ ਤੇ ਕੌਮਾਂਤਰੀ ਪੱਧਰ ’ਤੇ ਅੱਜ ਪੰਜਾਬੀ ਫ਼ਿਲਮਾਂ ਦਾ ਨਾ ਸਿਰਫ਼ ਵਪਾਰਕ ਪੱਖੋਂ ਬਲਕਿ ਗਿਣਤੀ ਪੱਖੋਂ ਵੀ ਦਾਇਰਾ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ।
ਸੰਜੀਦਾ ਵਿਸ਼ਿਆਂ ਦੀ ਥਾਂ ਮਜ਼ਾਹੀਆ ਫ਼ਿਲਮਾਂ ਦਾ ਰੁਝਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਈ ਵੇਲਾ ਸੀ ਜਦੋਂ ‘ਚੌਧਰੀ ਕਰਨੈਲ ਸਿੰਘ, ਲੱਛੀ, ਸਰਪੰਚ, ਲੰਬੜਦਾਰਨੀ, ਮਨ ਜੀਤੇ ਜਗ ਜੀਤ, ਨਾਨਕ ਨਾਮ ਜਹਾਜ਼ ਹੈ, ਜੀ ਆਇਆਂ ਨੂੰ’ ਜਿਹੀਆਂ ਸਾਰਥਕ ਫ਼ਿਲਮਾਂ ਪੰਜਾਬੀ ਸਿਨਮਾ ਦਾ ਸ਼ਿੰਗਾਰ ਬਣਦੀਆਂ ਸਨ, ਪਰ ਹੁਣ ਫੂਹੜ ਤੇ ਫਾਹਸ਼ ਕਾਮੇਡੀ ਨਾਲ ਲਬਾਲਬ ਫ਼ਿਲਮਾਂ ਹਫਤਾ ਦਰ ਹਫਤਾ ਰਿਲੀਜ਼ ਹੋ ਰਹੀਆਂ ਹਨ।
ਪੰਜਾਬੀ ਫ਼ਿਲਮਾਂ ਦੇ ਨਾਵਾਂ ਦੀ ਜੇ ਗੱਲ ਕਰੀਏ ਤਾਂ ਪੁਰਾਣੇ ਵੇਲਿਆਂ ਵਿਚ ‘ਦੋ ਲੱਛੀਆਂ, ਭੰਗੜਾ, ਜੱਟੀ, ਲੈਲਾ ਮਜਨੂੰ, ਸੋਹਣੀ ਮਹੀਂਵਾਲ, ਬਲਬੀਰੋ ਭਾਬੀ, ਕਣਕਾਂ ਦੇ ਓਹਲੇ, ਦਾਜ, ਪਿੰਡ ਦੀ ਕੁੜੀ’ ਆਦਿ ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਬੂ ਨਾਲ ਸਰਾਬੋਰ ਸਿਰਲੇਖ ਹੋਇਆ ਕਰਦੇ ਸਨ, ਪਰ ਅੱਜ ਫ਼ਿਲਮਾਂ ਦੇ ਸਿਰਲੇਖਾਂ ਵਿੱਚੋਂ ਪੰਜਾਬੀ ਪੂਰੀ ਤਰ੍ਹਾਂ ਮਨਫ਼ੀ ਹੁੰਦੀ ਜਾ ਰਹੀ ਹੈ। ‘ਮੇਰਾ ਪਿੰਡ ਮਾਈ ਹੋਮ, ‘ਜੱਟ ਐਂਡ ਜੂਲੀਅਟ’, ‘ਭਾਜੀ ਇਨ ਪ੍ਰਾਬਲਮ’, ‘ਡਬਲ ਦੀ ਟ੍ਰਬਲ’, ‘ਕੈਰੀ ਆਨ ਜੱਟਾ’ ਆਦਿ ਸਿਰਲੇਖਾਂ ’ਚੋਂ ਪੰਜਾਬੀ ਦੀ ਗ਼ੈਰਹਾਜ਼ਰੀ ਤੇ ਘਾਣ ਪ੍ਰਤੱਖ ਨਜ਼ਰ ਆਉਂਦਾ ਹੈ।
ਪੰਜਾਬੀ ਫ਼ਿਲਮਕਾਰਾਂ ਅਤੇ ਫ਼ਨਕਾਰਾਂ ਨੂੰ ਆਪਣੀ ਸੌੜੀ ਸੋਚ ਤਿਆਗ ਕੇ ਪੰਜਾਬੀ ਮਾਂ-ਬੋਲੀ ਨੂੰ ਸਤਿਕਾਰ ਦਿੰਦਿਆਂ ਪੰਜਾਬੀ ਫ਼ਿਲਮਾਂ ਦੇ ਸਿਰਲੇਖ ਪੰਜਾਬੀ ਭਾਸ਼ਾ ਵਿੱਚ ਰੱਖਣੇ ਚਾਹੀਦੇ ਹਨ। ਪੰਜਾਬੀ ਸਿਨਮਾ ਦੀ ਤਰੱਕੀ ਚਾਹੁਣ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਹ ਵਿਸ਼ਾ, ਤਕਨੀਕ ਅਤੇ ਭਾਸ਼ਾ ਪੱਖ ਤੋਂ ਪੰਜਾਬੀ ਸਿਨਮਾ ਵਿੱਚ ਨਵੀਨਤਾ, ਵਿਭਿੰਨਤਾ, ਆਧੁਨਿਕਤਾ ਲਿਆਉਣ, ਪਰ ਨਾਲ ਦੀ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮਹਿਕ ਨੂੰ ਕਾਇਮ ਰੱਖਣ ਕਿਉਂਕਿ ਆਧੁਨਿਕਤਾ, ਸੋਚ ਅਤੇ ਵਿਚਾਰਾਂ ’ਚੋਂ ਝਲਕਣੀ ਚਾਹੀਦੀ ਹੈ ਨਾ ਕਿ ਕੇਵਲ ਕੱਪੜਿਆਂ ’ਚੋਂ।