Skip to content
Independent perspectives. Global stories.
BREAKING

ਸੰਜੀਵ ਸ਼ਰਮਾ ਬਿੱਟੂ ਪਟਿਆਲਾ ਦੇ ਨਵੇਂ ਮੇਅਰ ਬਣੇ

Share this story

ਪਟਿਆਲਾ, 23 ਜਨਵਰੀ (ਪ੍ਰੇਮ ਵਧਵਾ)- ਨਗਰ ਨਿਗਮ ਪਟਿਆਲਾ ਦੇ ਅੱਜ ਨਵੇਂ ਚੁਣੇ ਗਏ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ ਅਤੇ ਡਿਪਟੀ ਮੇਅਰ ਸ੍ਰੀਮਤੀ ਵਿਨਤੀ ਸੰਗਰ ਨੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ, ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦੀ ਹਾਜਰੀ ’ਚ ਆਪਣੇ ਅਹੁਦੇ ਸੰਭਾਲ ਲਏ। ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਸਮੇਤ ਸ੍ਰੀ ਮਹਿੰਦਰਾ ਅਤੇ ਸ੍ਰੀ ਧਰਮਸੋਤ ਨੇ ਇਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਮੀਦ ਜਤਾਈ ਕਿ ਉਹ ਪਟਿਆਲਾ ਵਾਸੀਆਂ ਦੀਆਂ ਉਮੀਦਾਂ ’ਤੇ ਖਰ੍ਹੇ ਉਤਰਨਗੇ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੇ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਨਵੇਂ ਵਰ੍ਹੇ ’ਚ ਪਟਿਆਲਾ ਦੇ ਵਿਕਾਸ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਸਮੂਹ ਕੌਂਸਲਰਾਂ ਵੱਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਚੋਣ ਦੌਰਾਨ ਕੀਤੀ ਗਈ ਸਰਵਸੰਮਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਪਟਿਆਲਾ ਦੇ ਵਿਕਾਸ ’ਚ ਆਈ ਖੜੋਤ ਖ਼ਤਮ ਹੋ ਗਈ ਹੈ ਅਤੇ ਇਸ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਵਿਕਾਸ ਲਈ 1000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਸ੍ਰੀ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਨੇ ਮਹਿਲਾ ਸ਼ਸ਼ਕਤੀਕਰਨ ਤਹਿਤ 60 ਵਿੱਚੋਂ 30 ਵਾਰਡਾਂ ’ਤੇ ਮਹਿਲਾਵਾਂ ਨੂੰ ਟਿਕਟਾਂ ਦਿਤੀਆਂ ਜੋ ਕਿ ਉ¤ਤਰੀ ਭਾਰਤ ’ਚ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਨੇ ਨਵੇਂ ਮੇਅਰ ਸ੍ਰੀ ਬਿੱਟੂ, ਸੀਨੀਅਰ ਡਿਪਟੀ ਮੇਅਰ ਸ੍ਰੀ ਯੋਗੀ ਅਤੇ ਡਿਪਟੀ ਮੇਅਰ ਸ੍ਰੀਮਤੀ ਸੰਗਰ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਨ੍ਹਾਂ ਦੀ ਚੋਣ ਦਾ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ੍ਰੀਮਤੀ ਪਰਨੀਤ ਕੌਰ ਅਤੇ ਉਨ੍ਹਾਂ ਖ਼ੁਦ ਸਾਰੇ ਕਾਂਗਰਸੀ ਕੌਂਸਲਰਾਂ ਦੀ ਸਲਾਹ ਨਾਲ ਕੀਤਾ ਸੀ, ਜਿਸ ’ਤੇ ਅੱਜ ਸਮੂਹ ਕੌਂਸਲਰਾਂ ਨੇ ਸਰਵ ਸੰਮਤੀ ਕਰਕੇ ਆਗਾਮੀ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਜਿਤਾਉਣ ’ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸ਼ਹਿਰ ਕਰਕੇ ਸਾਰਾ ਪੰਜਾਬ ਪਟਿਆਲਾ ਵੱਲ ਦੇਖ ਰਿਹਾ ਹੈ ਇਸ ਲਈ ਸਮੂਹ ਕੌਂਸਲਰ ਇਕਜੁੱਟ ਹੋ ਕੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦੇਣ। ਸ. ਧਰਮਸੋਤ, ਜੋ ਕਿ ਕਾਂਗਰਸ ਪਾਰਟੀ ਵੱਲੋਂ ਇਸ ਚੋਣ ਲਈ ਨਿਗਰਾਨ ਲਾਏ ਗਏ ਸਨ, ਨੇ ਕਿਹਾ ਕਿ ਉਹ ਇਕੱਲੇ-ਇਕੱਲੇ ਕੌਂਸਲਰ ਨੂੰ ਮਿਲੇ ਸਨ ਪਰੰਤੂ ਸਭਨਾਂ ਇਕੋ ਅਵਾਜ ’ਚ ਕਿਹਾ ਸੀ ਕਿ ਪਾਰਟੀ ਜੋ ਵੀ ਫੈਸਲਾ ਕਰੇਗੀ, ਉਨ੍ਹਾਂ ਨੂੰ ਮਨਜੂਰ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਬਿੱਟੂ ਦੇ ਮੇਅਰ, ਸ੍ਰੀ ਯੋਗੀ ਦੇ ਸੀਨੀਅਰ ਡਿਪਟੀ ਮੇਅਰ ਅਤੇ ਸ੍ਰੀਮਤੀ ਸੰਗਰ ਦੇ ਡਿਪਟੀ ਮੇਅਰ ਬਣਨ ਨਾਲ ਸਮੂਹ ਕਾਂਗਰਸੀ ਕੌਂਸਲਰ ਆਪਣੇ ਆਪ ਨੂੰ ਹੀ ਮੇਅਰ ਬਣਿਆਂ ਸਮਝਣ। ਇਸ ਮੌਕੇ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਸ. ਹਰਿੰਦਰਪਾਲ ਸਿੰਘ ਹੈਰੀਮਾਨ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਸਮੇਤ ਵੱਡੀ ਗਿਣਤੀ ’ਚ ਸੀਨੀਅਰ ਆਗੂ, ਕੌਂਸਲਰਾਂ ਦੇ ਸਮਰਥਕ, ਪਰਿਵਾਰਕ ਮੈਂਬਰ ਆਦਿ ਮੌਜੂਦ ਸਨ।

WRITTEN BY