ਅੰਮ੍ਰਿਤਸਰ, 22 ਜਨਵਰੀ (ਦਵਾਰਕਾ ਨਾਥ ਰਾਣਾ)- ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿਧੂ ਨੇ ਦੁਰਗਿਆਣਾ ਮੰਦਰ ਵਿਖੇ ਚਲ ਰਹੇ ਪ੍ਰਾਜੈਕਟ ਲਈ ਪੰਜਾਬ ਸਰਕਾਰ ਦੀ ਤਰਫੋਂ 11 ਕਰੋੜ ਰੁਪਏ ਦੀ ਰਾਸ਼ੀ ਰਿਲੀਜ਼ ਕਰਦੇ ਹੋਏ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰਾ ਪ੍ਰਾਜੈਕਟ 30 ਜੂਨ ਤਕ ਹਰ ਹਾਲਤ ਨੇਪਰੇ ਚਾੜਿਆ ਜਾਵੇ। ਅਜ ਇਸ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਦੁਰਗਿਆਣਾ ਮੰਦਰ ਪੁਜੇ ਸ. ਸਿਧੂ ਨੇ ਸਾਰੇ ਕੰਮ ਦਾ ਬੜੀ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਚਲ ਰਹੇ ਕੰਮ ਨੂੰ ਵੇਖਿਆ। ਉਨ੍ਹਾਂ ਕਿਹਾ ਕਿ ਇਹ ਮੰਦਰ ਜਿਥੇ ਲਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ, ਉਥੇ ਹਰ ਰੋਜ਼ ਹਜ਼ਾਰਾਂ ਸੈਲਾਨੀ ਦੇਸ਼-ਵਿਦੇਸ਼ ਵਿਚੋਂ ਇਸਦੇ ਦਰਸ਼ਨ ਕਰਨ ਆਉਂਦੇ ਹਨ, ਇਸ ਲਈ ਜ਼ਰੂਰੀ ਹੈ ਕਿ ਇਥੇ ਚਲ ਰਹੇ ਕੰਮ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਸ਼। ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਪ੍ਰਾਜੈਕਟ ਲਈ 6 ਕਰੋੜ ਰੁਪਏ ਦਿਤੇ ਸਨ ਅਤੇ ਅਜ ਮੈਂ 11 ਕਰੋੜ ਰੁਪਏ ਜਾਰੀ ਕਰ ਰਿਹਾ ਹਾਂ। ਇਸ ਨਾਲ ਇਸ ਕੰਮ ਦੀ ਪਰੂਤੀ ਲਈ ਫੰਡਾਂ ਦੀ ਕੋਈ ਘਾਟ ਨਹੀਂ ਰਹੇਗੀ। ਉਨਾਂ ਕਿਹਾ ਕਿ ਇਸ ਰੁਪਏ ਵਿਚੋਂ 2 ਕਰੋੜ ਰੁਪਏ ਅੰਮ੍ਰਿਤਸਰ ਨਗਰ ਸੁਧਾਰ ਟਰਸਟ ਨੂੰ ਇਥੇ ਬਿਜਲੀ ਸਪਲਾਈ ਦੇ ਕੰਮ ਨੂੰ ਅਤਿ-ਆਧੁਨਿਕ ਢੰਗ ਨਾਲ ਕਰਨ ਲਈ ਦਿਤੇ ਜਾ ਰਹੇ ਹਨ। ਸ. ਸਿਧੂ ਨੇ ਕਿਹਾ ਕਿ ਹੁਣ ਮੈਂ ਇਸ ਪ੍ਰਾਜੈਕਟ ਦੀ ਆਪ ਨਿਗਰਾਨੀ ਕਰਾਂਗਾ ਅਤੇ ਕੋਸ਼ਿਸ਼ ਕਰਾਂਗਾ ਕਿ ਕੰਮ ਦੀ ਗੁਣਵਤਾ ਠੀਕ ਰਹੇ ਅਤੇ ਕੰਮ ਸਮੇਂ ਸਿਰ ਨੇਪਰੇ ਚੜੇ।ਉਨ੍ਹਾਂ ਕੰਮ ਵਿਚ ਲਗੇ ਸਾਰੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਕੁਆਲਟੀ ਦਾ ਖਿਆਲ ਰਖਦੇ ਹੋਏ ਕੰਮ ਸਮੇਂ ਦੇ ਅੰਦਰ-ਅੰਦਰ ਪੂਰਾ ਕਰਨ।ਉਨ੍ਹਾਂ ਕਿਹਾ ਕਿ ਮੈਂ ਖ਼ੁਦ ਹਰ ਮਹੀਨੇ ਇਥੇ ਚਲ ਰਹੇ ਕੰਮ ਦੀ ਰਿਪੋਰਟ ਲਵਾਂਗਾ। ਇਸ ਮੌਕੇ ਮੰਦਰ ਕਮੇਟੀ ਵਲੋਂ ਸ. ਨਵਜੋਤ ਸਿੰਘ ਸਿਧੂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਸਿਧੂ ਵੱਲੋਂ ਦੁਰਗਿਆਣਾ ਮੰਦਰ ਪ੍ਰਾਜੈਕਟ ਲਈ 11 ਕਰੋੜ ਜਾਰੀ



