ਬਾਸੋਵਾਲ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾੳ’ ਅਤੇ ‘ਸਵੱਛ ਭਾਰਤ ਮਿਸ਼ਨ’ ਸਬੰਧੀ ਚਿਤਰਕਲਾ ਮੁਕਾਬਲੇ ਅਤੇ ਜਾਗਰੂਕਤਾ ਰੈਲੀ ਦਾ ਆਯੋਜਨ।
ਸ੍ਰੀ ਅਨੰਦਪੁਰ ਸਾਹਿਬ – ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸ਼ਾਰਨ ਮੰਤਰਾਲੇ ਦੇ ਖੇਤਰੀ ਪ੍ਰਚਾਰ ਡਾਇਰੈਕਟੋਰੇਟ ਦੇ ਜਲੰਧਰ ਤੇ ਮੰਡੀ ਇਕਾਈ ਨੇ ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੇ ਸਹਿਯੋਗ ਨਾਲ ਪਿੰਡ ਬਾਸੋਵਾਲ ਦੇ ਸਕੂਲ ਵਿਚ ਅੱਜ ‘ਬੇਟੀ ਬਚਾਓ, ਬੇਟੀ ਪੜ੍ਹਾੳ’ ਅਤੇ ‘ਸਵੱਛ ਭਾਰਤ ਮਿਸ਼ਨ’ ਵਿਸ਼ੇ ‘ਤੇ ਚਿਤਰਕਲਾ ਪ੍ਰਤੀਯੋਗਿਤਾ, ਜਾਗਰੂਕਤਾ ਰੈਲੀ ਅਤੇ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕੀਤਾ। ਇਸ ਮੌਕੇ ‘ਤੇ ਜਾਗਰੂਕਤਾ ਰੈਲੀ ਨੂੰ ਪ੍ਰਿੰਸੀਪਲ ਸ. ਕੁਲਵੰਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਕਲ੍ਹ ਦੇ ਭਵਿੱਖ ਹਨ ਅਤੇ ਉਹ ਜਾਗਰੂਕ ਹੋਕੇ ਆਉਣ ਵਾਲੇ ਕਲ੍ਹ ਵਿੱਚ ‘ਬੇਟੀ ਬਚਾਓ ਬੇਟੀ ਪੜ੍ਹਾੳ’ ਅਤੇ ‘ਸਵੱਛ ਭਾਰਤ ਮਿਸ਼ਨ’ ਪ੍ਰਤੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਅਤੇ ਜਾਗਰੂਕਤਾ ਰੈਲੀਆਂ ਸਰਕਾਰ ਦੀਆਂ ਜਨ ਕਲਿਆਣਕਾਰੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਸਿੱਧ ਹੁੰਦੀਆਂ ਹਨ। ਇਸੇ ਤਰ੍ਹਾਂ ਜਾਗਰੂਕਤਾ ਰੈਲੀ ਵਿੱਚ ਬੱਚਿਆਂ ਨੇ ਜਾਗਰੂਕਤਾ ਸਬੰਧੀ ਨਾਰੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਖੇਤਰ ਪ੍ਰਚਾਰ ਨਿਰਦੇਸ਼ਾਲਿਆ ਜਲੰਧਰ ਦੇ ਡਿਪਟੀ ਡਾਇਰੈਕਟਰ ਪ੍ਰੀਤਮ ਸਿੰਘ ਨੇ ਕਿਹਾ ਕਿ ਬੱਚੇ ਚੰਗੇ ਸੰਦੇਸ਼ ਵਾਹਕ ਹੁੰਦੇ ਹਨ। ਉਨ੍ਹਾਂ ਨੇ ਵਿਦਿਆਥੀਆਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਉ ਅਤੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਜਾਗਰੂਕ ਹੋਕੇ ਹੋਰਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਚਿੱਤਰਕਲਾ ਪ੍ਰਤੀਯੋਗਤਾ ਵਿੱਚ ਸਵੱਛ ਭਾਰਤ ਮਿਸ਼ਨ ਅਤੇ ਬੇਟੀ ਬਚਾਉ, ਬੇਟੀ ਪੜ੍ਹਾੳ ਵਿਸ਼ੇ ‘ਤੇ ਕਰਵਾਈ ਗਈ ਚਿਤਰਕਲਾ ਪ੍ਰਤੀਯੋਗਤਾ ਵਿੱਚ ਰਣਜੀਤ ਕੌਰ ਨੇ ਪਹਿਲਾ ਸਥਾਨ, ਮੋਨਿਕਾ ਰਾਣੀ ਨੇ ਦੂਜਾ ਅਤੇ ਕਰਿਤੀਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਭਾਸ਼ਣ ਪ੍ਰਤੀਯੋਗਤਾ ਵਿੱਚ ਜਸਪ੍ਰੀਤ ਨੇ ਪਹਿਲਾ ਸਥਾਨ, ਅੰਮ੍ਰਿਤਪਾਲ ਨੇ ਦੂਜਾ ਅਤੇ ਰਾਜਬੀਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ।



