Skip to content
Independent perspectives. Global stories.
BREAKING

ਵਿਰਾਸਤੀ ਪੁਸਤਕ ਸ਼ਗਨਾਂ ਵੇਲਾ ਪ੍ਰੋ: ਰਵਿੰਦਰ ਭੱਠਲ ਨੇ ਲੋਕ ਅਰਪਨ ਕੀਤੀ

Share this story

ਲੁਧਿਆਣਾ – ਸੁਹਾਗ, ਘੋੜੀਆਂ ਤੇ ਲੰਮੀ ਹੇਕ ਦੇ ਲੋਕ ਗੀਤਾਂ ਦੀ ਕਿਤਾਬ ਸ਼ਗਨਾਂ ਵੇਲਾ ਫਗਵਾੜਾ ਚ ਲੋਕ ਅਰਪਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਹੈ ਕਿ ਪ੍ਰੋ: ਪਰਮਜੀਤ ਕੌਰ ਨੂਰ ਨੇ ਮਾਝੇ ਚ ਜਨਮ ਲੈ ਕੇ ਦੋਆਬੇ ਤੀਕ ਦੇ ਲੋਕ ਵਿਰਾਸਤੀ ਸ਼ਹਿਦ ਨੂੰ ਸ਼ਗਨਾਂ ਵੇਲਾ ਪੁਸਤਕ ਦੇ ਰੂਪ ਚ ਲੋਕਾਂ ਹਵਾਲੇ ਕੀਤਾ ਹੈ। ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਇਸ ਕਿਤਾਬ ਦੇ ਪ੍ਰਕਾਸ਼ਨ ਦਾ ਮਨੋਰਥ ਹੀ ਵਿਰਸੇ ਦੀਆਂ ਤੰਦਾਂ ਨਾਲ ਦੇਸ਼ ਬਦੇਸ਼ ਵੱਸਦੇ ਪੰਜਾਬੀਆਂ ਨੂੰ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਮੇਰੇ ਬੇਟੇ ਪੁਨੀਤਪਾਲ ਦੇ ਵਿਆਹ ਤੇ ਡਾ: ਜਾਗੀਰ ਸਿੰਘ ਨੂਰ ਪਰਿਵਾਰ ਨੇ ਸ਼ਗਨ ਵਜੋਂ ਇਹ ਪੁਸਤਕ ਸਾਨੂੰ ਭੇਜੀ ਸੀ। ਇਸ ਤੋਂ ਬਾਦ ਨੀਲੀਬਾਰ ਸਿਲਕ ਸਟੋਰ ਦੇ ਸੰਚਾਲਕ ਮਾਲਕ ਸ: ਉੱਤਮ ਸਿੰਘ ਸੋਨੂ ਨੀਲੀਬਾਰ ਨੇ ਇਸ ਦੀਆਂ 500 ਕਾਪੀਆਂ ਵੰਡੀਆਂ। ਜਗਬੀਰ ਸਿੰਘ ਸੋਖੀ ਨੇ ਤਾਂ ਧੀ ਦੇ ਵਿਆਹ ਤੇ ਕਾਰਡ ਨਾਲ ਮਠਿਆਈ ਥਾਵੇਂ ਸ਼ਗਨਾਂ ਵੇਲਾ ਪੁਸਤਕ ਵੰਡੀ।
ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ਹੁਣ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਜਸਵੰਤ ਜਫ਼ਰ ਦੀ ਪ੍ਰੇਰਨਾ ਨਾਲ ਪੱਛਮੀ ਬੰਗਾਲ ਚ ਪਾਨਾਗੜ੍ਹ ਚ ਵੱਸਦੇ ਪ੍ਰਮੁੱਖ ਕਾਰੋਬਾਰੀ ਸ: ਜਤਿੰਦਰ ਸਿੰਘ ਚਾਹਲ ਨੇ ਆਪਣੇ ਪੁੱਤਰ ਗੁਰਲੀਨ ਸਿੰਘ ਚਾਹਲ ਦੇ ਵਿਆਹ ਮੌਕੇ 100 ਕਿਤਾਬਾਂ ਵੰਡੀਆਂ ਜਾਣਗੀਆਂ। ਇਸ ਨਾਲ ਪੱਛਮੀ ਬੰਗਾਲ ਚ ਵੱਸਦੇ ਪੰਜਾਬੀ ਪਰਿਵਾਰਾਂ ਚ ਵਿਰਾਸਤੀ ਸ਼ਬਦ ਚੇਤਨਤਾ ਫੈਲਾਈ ਜਾਵੇਗੀ। ਪ੍ਰੋ: ਗਿੱਲ ਨੇ ਦੱਸਿਆ ਕਿ ਪਿਛਲੇ ਮਹੀਨੇ ਕੁਰੂਕ਼ਸ਼ੇਤਰ ਚ ਰਵਿੰਦਰਜੀਤ ਸਿੰਘ ਨੱਤ ਨੇ 300 ਕਾਪੀਆਂ ਇਸੇ ਕਿਤਾਬ ਦੀਆਂ ਵੰਡੀਆਂ ਹਨ। ਇਸ ਕਿਤਾਬ ਨੂੰ ਦੂਜੀ ਵਾਰ ਲੋਕ ਵਿਰਾਸਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਮੌਕੇ ਇਸ ਪੁਸਤਕ ਦੀ ਸੰਗ੍ਰਹਿਕਾਰ ਪ੍ਰੋ: ਪਰਮਜੀਤ ਕੌਰ ਨੂਰ ਤੋਂ ਇਲਾਵਾ ਉਨ੍ਹਾਂ ਦੇ ਪਤੀ ਪ੍ਰਸਿੱਧ ਲੋਕ ਧਾਰਾ ਸ਼ਾਸਤਰੀ ਡਾ: ਜਾਗੀਰ ਸਿੰਘ ਨੂਰ, ਪੰਜਾਬੀ ਕਵੀ ਤ੍ਰੈਲੋਚਨ ਲੋਚੀ ,ਮਨਜਿੰਦਰ ਧਨੋਆ ਤੇ ਬੀਬਾ ਗੁਰਲੀਨ ਕੌਰ ਹਾਜ਼ਰ ਸਨ।

WRITTEN BY