Skip to content
Independent perspectives. Global stories.
BREAKING

ਦੁੱਧ ਉਤਪਾਦਕਾਂ ਨੇ ਮਿਲਕਫੈਡ ਵਲੋਂ ਵਾਰ ਵਾਰ ਕੀਤੀ ਜਾਂਦੀ ਦੁੱਧ ਦੀ ਕੀਮਤ ਵਿੱਚ ਕਟੌਤੀ ਤੇ ਰੋਕ ਲਗਾਉਣ ਦੀ ਮੰਗ ਕੀਤੀ

Share this story

ਐਸ.ਏ.ਐਸ. ਨਗਰ – ਪ੍ਰੋਗੈਰਸਿਵ ਡੇਅਰੀ ਫਾਰਮਰਸ ਐਸੋਸੀਏਸ਼ਨ ਜਿਲ੍ਹਾ ਐਸ ਏ ਐਸ ਨਗਰ ਦਾ ਇਕ ਵਫਦ ਅੱਜ ਪ੍ਰਧਾਨ ਸ੍ਰ. ਸੁਖਦੇਵ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੂੰ ਮਿਲਿਆ ਅਤੇ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਮਿਲਕਫੈਡ ਵਲੋਂ ਵਾਰ ਵਾਰ ਦੁੱਧ ਦਾ ਰੇਟ ਘਟਾਉਣ ਕਾਰਨ ਮੰਦੀ ਦੀ ਮਾਰ ਹੇਠ ਆਏ ਡੇਅਰੀ ਕਿੱਤੇ ਨੂੰ ਬਚਾਇਆ ਜਾਵੇ| ਵਫਦ ਵਲੋਂ ਮੁੱਖ ਮੰਤਰੀ ਦੇ ਨਾਮ ਕਿੱਤੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਅਜੋਕੇ ਸਮੇਂ ਵਿੱਚ ਖੇਤੀ ਲਾਹੇਵੰਦ ਕਿੱਤਾ ਨਾ ਹੋਣ ਕਾਰਨ ਪਹਿਲਾਂ ਹੀ ਸੂਬੇ ਦੀ ਕਿਸਾਨੀ ਖੁਦਕੁਸ਼ੀਆਂ ਦੀ ਮਾਰ ਹੇਠ ਹੈ ਅਤੇ ਸਿਰਫ ਡੇਅਰੀ ਦਾ ਕਿੱਤਾ ਹੀ ਸੂਬੇ ਵਿੱਚ ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਕੱਢ ਕੇ, ਫਸਲੀ ਵਿਭਿੰਨਤਾ ਵਿੱਚ ਇਨਕਲਾਬੀ ਤਬਦੀਲੀ ਲਿਆ ਕੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਵਿੱਚ ਸਹਾਈ ਹੋ ਰਿਹਾ ਹੈ| ਦੁੱਧ ਉਤਪਾਦਕਾਂ ਨੇ ਸੂਬਾ ਸਰਕਾਰ ਦੀਆਂ ਸਿਫਾਰਸ਼ਾਂ ਨਾਲ ਹੀ ਬੈਂਕਾਂ ਤੋਂ ਭਾਰੀ ਕਰਜੇ ਲੈ ਕੇ ਅਤੇ ਆਪਣੀ ਸਿਆਣਪ ਨਾਲ ਆਧੁਨਿਕ ਤਕਨੀਕਾਂ ਆਪਣਾ ਕੇ ਅੰਤਰ ਪੱਧਰ ਦੇ ਡੇਅਰੀ ਫਾਰਮ ਸਥਾਪਤ ਕੀਤੇ ਹਨ , ਜੋ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਲਈ ਸਹਾਈ ਹੋ ਰਹੇ ਹਨ| ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿੱਛਲੇ 2 ਮਹੀਨੇ ਵਿੱਚ ਹੀ ਮਿਲਕਫੈਡ ਵਲੋਂ 3 ਤੋਂ 4 ਰੁ. ਕਿਲੋਂ ਤੱਕ ਦੁੱਧ ਦਾ ਰੇਟ ਘੱਟ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਲਾਹੇਵੰਦ ਬਣੇ ਕਿੱਤੇ ਨੇ ਦੁੱਧ ਉਤਪਾਦਕਾਂ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਹੈ| ਮਿਲਕਫੈਡ ਵਲੋਂ ਹੀ ਨਿਰਧਾਰਤ ਕੀਤੇ ਦੁੱਧ ਦੇ ਰੇਟ ਦੀ ਦਰ ਨੂੰ ਅਧਾਰ ਮੰਨ ਕੇ ਬਾਕੀ ਪਲਾਟ ਵੀ ਆਪਣਾ ਰੇਟ ਤੈਅ ਕਰਦੇ ਹਨ| ਮਿਲਕਫੈਲ ਵਲੋਂ ਰੇਟ ਘਟਾਉਣ ਨਾਲ ਬਾਕੀ ਪਲਾਂਟ ਵੀ ਦੁੱਧ ਦੇ ਰੇਟ ਘੱਟ ਕਰ ਦਿੰਦੇ ਹਨ , ਜਿਸ ਨਾਲ ਇਹ ਲਾਹੇਵੰਦ ਬਣਿਆ ਕਿੱਤਾ ਹੁਣ ਲਗਾਤਾਰ ਘਾਟੇ ਵੱਲ ਵੱਧਦਾ ਜਾ ਰਿਹਾ ਹੈ ਜਿਸ ਨਾਲ ਦੁੱਧ ਉਤਪਾਦਕ ਬੈਕਾਂ ਦੇ ਕਰਜੇ ਦੀ ਕਿਸ਼ਤ ਮੋੜਨ ਵਿੱਚ ਅਸਮਰਥ ਹਨ, ਜੋ ਕਿ ਸੂਬੇ ਦੀ ਕਿਸਾਨੀ ਲਈ ਚਿੰਤਾ ਦਾ ਵਿਸ਼ਾ ਹੈ| ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਮਿਲਕਫੈਡ ਅਤੇ ਹੋਰ ਮਿਲਕ ਏਜੰਸੀਆਂ ਤੋਂ ਪੁਰਾਣੇ ਦੁੱਧ ਦੇ ਰੇਟ ਲਾਗੂ ਕਰਵਾ ਕੇ ਸੂਬੇ ਦੀ ਕਿਸਾਨੀ ਨੂੰ ਬਚਾਇਆ ਜਾਵੇ| ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮਿਲਕਫੈਡ ਵਲੋਂ ਦੁੱਧ ਦਾ ਰੇਟ ਘਟਾਇਆ ਗਿਆ ਅਤੇ ਪਿੱਛਲਾ ਘਟਾਇਆ ਰੇਟ ਵਾਪਸ ਨਾ ਲਿਆ ਗਿਆ ਤਾਂ ਸੂਬੇ ਭਰ ਦੇ ਕਿਸਾਨਾਂ ਨੂੰ ਮਜਬੂਰੀ ਵੱਸ ਸੜਕਾਂ ਤੇ ਉਤਾਰਨਾ ਪਵੇਗਾ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਨਰਿੰਦਰ ਸਿੰਘ ਧਨੌਲਾ, ਸ੍ਰ. ਜਗਦੀਪ ਸਿੰਘ ਬਾਠ, ਸ੍ਰ. ਮਨਪ੍ਰੀਤ ਸਿੰਘ ਦੇਸੂਮਾਜਰਾ ਅਤੇ ਸ੍ਰ. ਗੁਰਸੇਵਕ ਸਿੰਘ ਡੇਰਾਬੱਸੀ ਵੀ ਸ਼ਾਮਿਲ ਸਨ|

WRITTEN BY