April 30, 2026 7:37 am

ਮੱਖਣ ਬਰਾੜ ਨੇ ਉਪ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਪੰਜਾਬ ਸਿਹਤ ਨਿਗਮ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆ

ਐੱਸ.ਏ.ਐੱਸ.ਨਗਰ: 21 ਜਨਵਰੀ (ਪੀ.ਟੀ.)-ਕੇਂਦਰ ਦੀ ਯੂ. ਪੀ. ਏ ਸਰਕਾਰ ਨੇ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੁਆਂਢੀ ਰਾਜਾਂ ਨੂੰ ਉਦਯੋਗਿਕ ਖੇਤਰ ਲਈ ਵਿਸ਼ੇਸ ਰਿਆਇਤਾਂ ਦਿੱਤੀਆਂ ਹਨ । ਜਦਕਿ ਪੰਜਾਬ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਪੰਜਾਬ ਨਾਲ ਹਮੇਸ਼ਾਂ ਧਰੋਅ ਕਮਾਇਆ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਸ.ਏ.ਐਸ.ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਪ ਮੁੱਖ ਮੰਤਰੀ ਪੰਜਾਬ ਅੱਜ ਇਥੇ ਪੰਜਾਬ ਸਿਹਤ ਸਿਸਟਮਜ਼ ਨਿਗਮ ਦੇ ਨਵ ਨਿਯੁਕਤ ਚੇਅਰਮੈਨ ਸ੍ਰ: ਬਰਜਿੰਦਰ ਸਿੰਘ ਬਰਾੜ (ਮੱਖਣ ਬਰਾੜ) ਦੇ ਅਹੁਦਾ ਸੰਭਾਲਣ ਮੌਕੇ ਆਸ਼ੀਰਵਾਦ ਦੇਣ ਲਈ ਪੁਜੇ ਹੋਏ ਸਨ।
ਉਪ ਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਤੇ ਵਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਦੇ ਵੀ ਕੇਂਦਰ ਸਰਕਾਰ ਕੋਲੋ ਪੰਜਾਬ ਦੀਆਂ ਹੱਕੀ ਮੰਗਾਂ ਪ੍ਰਤੀ ਪਹੁੰਚ ਨਹੀਂ ਕੀਤੀ ਗਈ ਅਤੇ ਹੁਣ ਵੀ ਪੰਜਾਬ ਨੂੰ ਗੁਆਂਢੀ ਰਾਜਾਂ ਦੀ ਤਰ੍ਹਾਂ ਉਦਯੋਗਿਕ ਖੇਤਰ ਵਿੱਚ ਵਿਸ਼ੇਸ ਪੈਕੇਜ ਨਾ ਦਵਾਕੇ ਆਪਣੇ ਨਿੰਕਮੇਪੁਣ ਦਾ ਸਬੁਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਦਿੱਲੀ ਦੀ ਲੀਡਰਸ਼ਿਪ ਅੱਗੇ ਕੇਵਲ ਤੇ ਕੇਵਲ ਆਪਣੇ ਪ੍ਰਧਾਨਗੀ ਪਦ ਅਤੇ ਹੋਰ ਅਹੁਦਿਆਂ ਲਈ  ਲੇਲੜੀਆਂ ਜਰੂਰ ਕੱਢਦੇ ਹਨ ਪਰੰਤੂ ਪੰਜਾਬ ਲਈ ਕਦੇ ਵੀ ਕੁਝ ਨਹੀਂ ਮੰਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਾਰਨ ਜਿਥੇ ਦੇਸ਼ ਦੀ ਅਰਥ ਵਿਵਸਥਾ ਡਗ ਮਗਾਈ ਹੋਈ ਹੈ ਉਥੇ ਦੇਸ਼ ਵਿੱਚ ਭੁੱਖਮਰੀ, ਬੇਰੁਜਗਾਰੀ, ਮਹਿੰਗਾਈ ਕਾਰਨ ਅੱਜ ਜਨਤਾ ਪਰੇਸ਼ਾਨ ਹੈ ਅਤੇ ਲੋਕਾਂ ਨੂੰ ਆਪਣਾ ਜੀਵਨ ਬਤੀਤ ਕਰਨਾ ਦੁਭਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਕਾਂਗਰਸ ਨੂੰ ਦੇਸ਼ ਵਿਚੋਂ ਚਲਦਾ ਕਰਨ ਲਈ ਮਨ ਬਣਾਂ ਚੁਕੇ ਹਨ ਅਤੇ ਦੇਸ਼ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਨਣੀ ਤਹਿ ਹੈ।
ਪੱਤਰਕਾਰਾਂ ਵੱਲੋਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਸਜਾ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ ਪਹਿਲਾਂ ਹੀ ਮਾਣਯੋਗ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਅਤੇ ਮੰਗ ਪੱਤਰ ਦੇ ਕੇ ਉਨ੍ਹਾਂ ਦੀ ਸਜਾ ਨੂੰ ਮੁਆਫ ਅਤੇ ਰਿਹਾਈ ਦੀ ਮੰਗ ਕਰ ਚੁੱਕੀ ਹੈ। ਪੱਤਰਕਾਰਾਂ ਵੱਲੋਂ ਡਰੱਗ ਤਸੱਕਰੀ ਮਾਮਲੇ ਵਿੱਚ ਸੀ.ਬੀ.ਆਈ ਦੀ ਜਾਂਚ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਖੇ ਕਾਂਗਰਸ ਵੱਲੋਂ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਸਬੰਧੀ ਪੁਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪ੍ਰਤਾਪ ਬਾਜਵੇ ਨੂੰ ਭੁੱਖ ਹੜਤਾਲ ਤੇ ਨਹੀਂ ਸਗੋ ਮਰਨ ਵਰਤ ਤੇ ਬੈਠਣਾ ਚਾਹੀਦਾ ਹੈ ਅਤੇ  ਉਸ ਨੂੰ ਇਸ ਸਬੰਧੀ ਅੰਨਾ ਹਜਾਰੇ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ। ਉਨ੍ਹਾਂ ਮਜਾਕੀਏ ਲਾਹਿਜੇ ਵਿੱਚ ਕਿਹਾ ਕਿ ‘‘ਲਗਦੈ ਬਾਜਵਾ ਨੂੰ ਭਾਰ ਘਟਾਉਣ ਲਈ ਚੰਗਾ ਮੌਕਾ ਵੀ ਮਿਲੇਗਾ’’ ।
ਇਸ ਉਪਰੰਤ ਉਪ ਮੁੱਖ ਮੰਤਰੀ ਪੰਜਾਬ ਸ. ਬਾਦਲ ਨੇ ਕਰਵਾਏ ਗਏ ਪ੍ਰਭਾਵਸਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰ: ਬਰਜਿੰਦਰ ਸਿੰਘ (ਮੱਖਣ ਬਰਾੜ)  ਮਿਹਨਤੀ, ਕਾਬਲ ਤੇ ਹਿੰਮਤੀ ਅਤੇ ਸ੍ਰੋਮਣੀ ਅਕਾਲੀ ਦਲ ਪ੍ਰਤੀ ਪੁਰਾ ਵਫਾਦਾਰ ਹੈ ਅਤੇ ਜੋ ਵੀ ਪਾਰਟੀ ਨੇ ਮੱਖਣ ਬਰਾੜ ਨੂੰ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਪੁਰੀ ਤਨਦੇਹੀ ਨਾਲ ਨਿਭਾਇਆ ਹੈ ਅਤੇ ਉਸ ਨੇ ਮੋਗੇ ਦੀ ਮਿਉਂਸਪਲ ਕਮੇਟੀ ਦੇ ਪ੍ਰਧਾਨ ਹੋਣ ਸਮੇਂ ਸ਼ਹਿਰ ਦੇ ਵਿਕਾਸ ਕੰਮ ਪੁਰੀ ਦਿਲਚਸਪੀ ਨਾਲ ਕਰਵਾਏ ਹਨ ਅਤੇ ਇਸ ਮਿਹਨਤ ਨੂੰ ਦੇਖਦੇ ਹੋਏ ਸ੍ਰੋਮਣੀ ਅਕਾਲੀ ਦੇ ਸਰਪਰਸਤ ਅਤੇ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸਾ ਅਨੂਸਾਰ ਮੱਖਣ ਬਰਾੜ ਨੂੰ ਪੰਜਾਬ ਹੈਲਥ ਸਿਸਟਮਜ਼ ਨਿਗਮ ਦੇ ਚੇਅਰਮੈਨ ਦੀ ਜਿੰਮੇਵਾਰੀ ਸੌਂਪੀ ਗਈ ਹੈ ਉਨ੍ਹਾਂ ਆਸ ਪ੍ਰਗਟਾਈ ਕਿ ਉਹ ਇਸ ਮਹੱਤਵਪੂਰਨ ਕਾਰਪੋਰੇਸ਼ਨ ਜਿਸ ਦਾ ਕਿ ਪੰਜਾਬ ’ਚ ਸਿੱਧਾ ਸਿਹਤ ਸੇਵਾਵਾਂ ਨਾਲ ਸਬੰਧ ਹੈ ਨੂੰ ਪੁਰੀ ਲੱਗਣ ਅਤੇ ਮਿਹਨਤ ਨਾਲ ਚਲਾਉਣਗੇ।

Send this to a friend