ਚੰਡੀਗੜ੍ਹ, 21 ਜਨਵਰੀ (ਵਿਸ਼ਵ ਵਾਰਤਾ) : ਕਾਂਗਰਸ ਆਗੂਆਂ ਵਲੋਂ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਨੂੰ ਇੱਕ ਸਿਆਸੀ ਸਟੰਟ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਵਿਰੁੱਧ ਹੁਣ ਕੋਈ ਵੀ ਠੋਸ ਮੁੱਦਾ ਨਾ ਹੋਣ ਕਾਰਨ ਕਾਂਗਰਸ ਆਗੂ ਅਜਿਹੀਆਂ ਸ਼ੋਸ਼ੇਬਾਜੀਆਂ ਕਰ ਰਹੇ ਹਨ। ਅੱਜ ਉਦਯੋਗ ਭਵਨ ਵਿਖੇ ਸ਼੍ਰੀ ਅਵਤਾਰ ਸਿੰਘ ਹਿੱਤ ਵਲੋਂ ਪੰਜਾਬ ਰਾਜ ਸਨਅਤੀ ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਆਗੂ ਉਸ ਵਿਅਕਤੀ ਵਲੋਂ ਕੀੇਤੇ ਗਏ ਪ੍ਰਗਟਾਵਿਆਂ ਦਾ ਸਿਆਸੀਕਰਨ ਕਰ ਰਹੇ ਹਨ ਜੋ ਨਸ਼ੇ ਦੀ ਤਸਕਰੀ ਦੇ ਘਿਨਾਉਣੇ ਅਪਰਾਧ ਦਾ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਭੋਲਾ ਵਰਗੇ ਮੁਜਰਮ ਕਿਸੇ ਵੀ ਵਿਅਕਤੀ ਦਾ ਆਪਣੀ ਖੱਲ ਬਚਾਉਣ ਲਈ ਨਾਂ ਲੈ ਸਕਦੇ ਹਨ ਪਰ ਇਹ ਬਦਕਿਸਮਤੀ ਦੀ ਗੱਲ ਹੈ ਕਿ ਕਾਂਗਰਸੀ ਆਗੂ ਇਸ ਗੱਲ ‘ਚੋਂ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਬਹੁ-ਕਰੋੜੀ ਨਸ਼ਿਆਂ ਦੇ ਤਸਕਰੀ ਦੇ ਮਾਮਲੇ ਵਿੱਚ ਹਰ ਕਦਮ ਰਾਜ ਸਰਕਾਰ ਵਲੋਂ ਠੋਸ ਜਾਂਚ ਤੋਂ ਬਾਅਦ ਚੁੱਕਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਰਾਜ ਪੁਲਿਸ ਦੇ ਡਾਇਰੈਕਟਰ ਜਨਰਲ ਵੀ ਖੁਦ ਇਸ ਸਮੁੱਚੇ ਕੇਸ ‘ਤੇ ਨਿਗਰਾਨੀ ਰੱਖ ਰਹੇ ਹਨ। ਇਸ ਕਰਕੇ ਸੀ.ਬੀ.ਆਈ. ਨੂੰ ਇਸ ਮਾਮਲੇ ਦੀ ਜਾਂਚ ਸੌਂਪੇ ਜਾਣ ਦੀ ਕੋਈ ਤੁਕ ਨਹੀਂ ਹੈ।
ਕੇਂਦਰ ਵਲੋਂ ਗਵਾਂਢੀ ਰਾਜਾਂ ਨੂੰ ਸਨਅਤੀ ਰਿਆਇਤਾਂ ਦਿੱਤੇ ਜਾਣ ਅਤੇ ਰਾਜ ਦੇ ਉਦਯੋਗ ਨੂੰ ਜਾਣ-ਬੁੱਝ ਕੇ ਢਾਅ ਲਾਉਣ ਦੇ ਉਦੇਸ਼ ਉਤੇ ਟਿੱਪਣੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਅਨਿਆਂ ਵਿਰੁੱਧ ਉਹ ਮੂਕ ਦਰਸ਼ਕ ਨਹੀਂ ਬਣੇ ਰਹਿਣਗੇ ਅਤੇ ਛੇਤੀ ਹੀ ਚੰਡੀਗੜ੍ਹ ਵਿਖੇ ਇੱਕ ਪ੍ਰਭਾਵੀ ਵਿਰੋਧ ਦਰਜ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਸਦ ਦੇ ਆਉਂਦੇ ਸਮਾਗਮ ਦੌਰਾਨ ਵੀ ਇਹ ਮੁੱਦਾ ਉਠਾਵੇਗੀ ਅਤੇ ਇਸ ਤੋਂ ਇਲਾਵਾ ਇਸ ਮਾਮਲੇ ਉਤੇ ਕੇਂਦਰ ਸਰਕਾਰ ਨੂੰ ਯਾਦ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਬੀਤੇ ਸਮੇਂ ਤੋਂ ਹੀ ਪੰਜਾਬ ਨਾਲ ਵਿਤਕਾਰਾ ਕਰਦੀ ਆ ਰਹੀ ਹੈ ਪਰ ਹੁਣ ਉਨ੍ਹਾਂ ਦੀ ਉਦਾਸੀਨਤਾ ਦੀ ਹੱਦ ਸਿਰੇ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਦੇ ਇਸ ਨਵੇਂ ਕਦਮ ਦਾ ਤਿੱਖਾ ਵਿਰੋਧ ਕਰਾਂਗੇ।
ਨਵੀਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਵਲੋਂ ਕੀਤੇ ਜਾ ਰਹੇ ਵਿਰੋਧ ਦੇ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਇੱਕ ਏ.ਐਸ.ਆਈ. ਦੇ ਮਾਮਲੇ ‘ਤੇ ਕੇਂਦਰ ਸਰਕਾਰ ਵਿਰੁੱਧ ਦਿੱਲੀ ਦੇ ਸਮੁੱਚੇ ਮੰਤਰਾਲੇ ਵਲੋਂ ਕੀਤੇ ਜਾ ਰਹੇ ਵਿਰੋਧ ਦੀ ਥਾਂ ਉਨ੍ਹਾਂ ਨੂੰ ਲੋਕਾਂ ਦੇ ਵਡੇਰੇ ਹਿੱਤਾਂ ਲਈ ਹੋਰ ਅਹਿਮ ਮੁੱਦਿਆਂ ਉਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
ਸਨਅਤੀ ਵਿਕਾਸ ਕਾਰਪੋਰੇਸ਼ਨ ਦੇ ਨਵੇਂ ਨਿਯੁਕਤ ਚੇਅਰਮੈਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ. ਹਿੱਤ ਪਾਰਟੀ ਦੇ ਇੱਕ ਦ੍ਰਿੜ੍ਹ ਵਰਕਰ ਹਨ ਜਿਨ੍ਹਾਂ ਨੇ ਵੱਖ ਵੱਖ ਅਹੁਦਿਆਂ ਉਤੇ ਪਾਰਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ. ਹਿੱਤ ਦੀ ਯੋਗ ਅਗਵਾਈ ਹੇਠ ਸਨਅਤੀ ਵਿਕਾਸ ਕਾਰਪੋਰੇਸ਼ਨ ਨਵੀਂਆਂ ਉਚਾਈਆਂ ਛੂਹੇਗੀ ਅਤੇ ਰਾਜ ਵਿੱਚ ਸਨਅਤੀ ਵਿਕਾਸ ਨੂੰ ਬੜ੍ਹਾਵਾ ਮਿਲੇਗਾ।
ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਕੈਬਨਿਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਲੁਧਿਆਣਾ ਹੀਰਾ ਸਿੰਘ ਗਾਬੜੀਆ, ਸਾਬਕਾ ਐਮ.ਐਲ.ਏ. ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਸਰਬਜੀਤ ਸਿੰਘ ਮੱਕੜ, ਦਿੱਲੀ ਦੇ ਐਮ.ਐਲ.ਏ. ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਜੀਤ ਸਿੰਘ ਜੀਕੇ ਅਤੇ ਡਾਇਰੈਕਟਰ ਉਦਯੋਗ ਸ਼੍ਰੀ ਵਿਕਾਸ ਪ੍ਰਤਾਪ ਸਿੰਘ ਸ਼ਾਮਲ ਸਨ।