Skip to content
Independent perspectives. Global stories.
BREAKING

ਖਾਲਸਾ ਕਾਲਜ ਪਟਿਆਲਾ ਵਿਖੇ ‘ਪੰਜਾਬੀ ਸਭਿਆਚਾਰ ਦਾ ਅੰਤਰਰਾਸ਼ਟਰੀ ਮੁਹਾਂਦਰਾ’ ਵਿਸ਼ੇ ’ਤੇ ਰੂ–ਬ–ਰੂ ਸਮਾਗਮ

Share this story

ਪਟਿਆਲਾ, 9 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਅਜ ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ‘ਪੰਜਾਬੀ ਸਭਿਆਚਾਰ ਦਾ ਅੰਤਰਰਾਸ਼ਟਰੀ ਮੁਹਾਂਦਰਾ’ ਵਿਸ਼ੇ ‘ਤੇ ਰੂ–ਬ–ਰੂ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ. ਸੁਖਜਿੰਦਰ ਸਿੰਘ ਬਾਠ (ਸੁੱਖੀ ਬਾਠ) ਸੰਸਥਾਪਕ, ਪੰਜਾਬ ਭਵਨ, ਕੈਨੇਡਾ ਨੇ ਮੁਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਸ. ਸੁਖੀ ਬਾਠ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਪੰਜਾਬੀ ਸਭਿਆਚਾਰ ਇਕ ਸੰਯੁਕਤ ਸਭਿਆਚਾਰ ਹੈ। ਪੰਜਾਬੀ ਸਭਿਆਚਾਰ ਦੀ ਇਸ ਖ਼ੂਬੀ ਕਾਰਨ ਹੀ ਪੰਜਾਬੀ ਦੁਨੀਆਂ ਦੇ ਵਖ-ਵਖ ਮੁਲਕਾਂ ਵਿਚ ਪਹੁੰਚੇ ਹਨ ਅਤੇ ਵਖ-ਵਖ ਖੇਤਰਾਂ ਵਿਚ ਪੰਜਾਬੀਆਂ ਨੇ ਵਡਮੁਲੇ ਕਾਰਜ ਕੀਤੇ ਹਨ। ਪੰਜਾਬੀਆਂ ਵਲੋਂ ਕੀਤੇ ਕਾਰਜ ਵਿਸ਼ਵ ਪਧਰੀ ਪਹਿਚਾਣ ਰਖਦੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਅਜੋਕੇ ਸਮੇ ਅੰਦਰ ਪੰਜਾਬੀਆਂ ਦਾ ਵਿਸ਼ੇਸ਼ ਮਾਣ ਸਤਿਕਾਰ ਹੈ ਜਿਸ ਦੇ ਪਿਛੇ ਪੰਜਾਬੀ ਲੋਕਾਂ ਵਲੋਂ ਘਾਲੀ ਗਈ ਸਖ਼ਤ ਘਾਲਣਾ ਹੈ। ਸ. ਸੁੱਖੀ ਬਾਠ ਨੇ ਪੰਜਾਬ ਭਵਨ ਦੀ ਸਥਾਪਨਾ ਦੇ ਮੁੱਖ ਮਕਸਦ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬੀਅਤ ਦੀ ਭਾਵਨਾ ਦੇ ਵਿਕਾਸ ਦੇ ਨਾਲ ਨਾਲ ਅਜਿਹਾ ਮੰਚ ਸਥਾਪਤ ਕਰਨਾ ਹੈ ਜਿਥੇ ਵਿਸ਼ਵ ਭਰ ਦੇ ਪੰਜਾਬੀ ਰਲ ਮਿਲ ਕੇ ਪੰਜਾਬੀ ਮਾਂ ਬੋਲੀ ਦੀ ਪ੍ਰਫੁਲਤਾ ਵਿਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿਆਰ ਹੀ ਜ਼ਿੰਦਗੀ ਦਾ ਆਧਾਰ ਹੈ। ਜਿਹੜਾ ਕੰਮ ਵਿਅਕਤੀ ਆਪਣੀ ਵੱਡੀ ਤੋਂ ਵੱਡੀ ਜਿੱਤ ਨਾਲ ਹਾਸਲ ਨਹੀਂ ਕਰ ਸਕਦਾ ਉਹ ਪਿਆਰ ਦੇ ਵਿਚ ਹਾਰ ਕੇ ਹਾਸਲ ਕੀਤਾ ਜਾ ਸਕਦਾ ਹੈ। ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਮੁਖ ਮਹਿਮਾਨ ਅਤੇ ਸਮੂਹ ਸਰੋਤਿਆਂ ਦਾ ਨਿਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸਰਦਾਰ ਸੁਖੀ ਬਾਠ ਨੇ ਸਮਾਜ ਸੇਵਾ ਅਤੇ ਵਪਾਰਕ ਖੇਤਰ ਵਿਚ ਉਚਾ ਮੁਕਾਮ ਹਾਸਲ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਂਅ ਅੰਤਰਰਾਸ਼ਟਰੀ ਪਧਰ ‘ਤੇ ਰੌਸ਼ਨ ਕੀਤਾ ਹੈ। ਡਾ. ਉਭਾ ਨੇ ਇਹ ਵੀ ਕਿਹਾ ਕਿ ਆਮ ਤੌਰ ਤੇ ਲੋਕ ਇਕ ਮਕਸਦ ਦੀ ਪੂਰਤੀ ਤੋਂ ਬਾਅਦ ਆਪਣੇ ਸਰਮਾਏ ਨੂੰ ਸਾਂਭਣ ਤੱਕ ਸੀਮਤ ਰਹਿੰਦੇ ਹਨ ਪਰ ਸ੍ਰ. ਸੁੱਖੀ ਬਾਠ ਨੇ ਸਮਾਜ ਦੇ ਇਸ ਵਰਤਾਰੇ ਤੋਂ ਛੁੱਟ ਦੂਜਾ ਪਾਸਾ ਅਪਣਾਇਆ ਹੈ ਉਨ੍ਹਾਂ ਨੇ ਸਿਰਫ਼ ਇਕ ਕੰਮ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਨਹੀਂ ਕੀਤਾ ਸਗੋਂ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਵੀ ਨਿਭਾਇਆ ਹੈ।
ਪ੍ਰੋ. ਪਰਮਜੀਤ ਕੌਰ, ਮੁਖੀ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗਲ ਹੈ ਕਿ ਸ. ਸੁਖੀ ਬਾਠ ਨੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਅੰਤਰਰਾਸ਼ਟਰੀ ਪਧਰ ‘ਤੇ ਪ੍ਰਫੁਲਤ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਨੇ ਸਮਾਜ ਭਲਾਈ ਦੇ ਕੰਮ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਵਿਭਾਗ ਦੇ ਅਧਿਆਪਕ ਪ੍ਰੋ. ਪ੍ਰਭਜੋਤ ਸਿੰਘ ਨੇ ਬਾਖ਼ੂਬੀ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਐਮ.ਫਿਲ. ਪੰਜਾਬੀ ਦੇ ਵਿਦਿਆਰਥੀ ਹਾਜ਼ਰ ਸਨ।

WRITTEN BY