May 16, 2026 12:19 am

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਪੁਰਾਣੇ ਵਿਦਿਆਰਥੀ ਸਨਮਾਨਿਤ

ਜਲੰਧਰ, 5 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਦਿਆ, ਖੇਡਾਂ, ਕਲਚਰਲ ਅਤੇ ਖੋਜ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਕਾਲਜ ਦੇ ਵਿਦਿਆਰਥੀ ਜਿੱਥੇ ਦੇਸ਼ ਵਿੱਚ ਉਚ ਅਹੁਦਿਆਂ ’ਤੇ ਪਹੁੰਚ ਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ, ਉਥੇ ਵਿਦੇਸ਼ਾਂ ਵਿੱਚ ਜਾ ਕੇ ਵੀ ਉਚ ਅਹੁਦੇ ਪ੍ਰਾਪਤ ਕਰ ਰਹੇ ਹਨ। ਕਾਲਜ ਦੇ ਗਣਿਤ ਵਿਭਾਗ ਤੋਂ ਐਮ.ਐਸ.ਸੀ. ਗਣਿਤ ਕਰ ਚੁੱਕੇ ਹੋਣਹਾਰ ਪੁਰਾਣੇ ਵਿਦਿਆਰਥੀ ਅਮਨਦੀਪ ਸਿੰਘ ਬੁੱਟਰ ਕਨੇਡਾ ਤੋਂ ਅਤੇ ਗੁਰਵਿੰਦਰ ਸਿੰਘ ਰਿਆੜ ਆਸਟ੍ਰੇਲਿਆ ਤੋਂ ਵਿਸ਼ੇਸ਼ ਤੌਰ ’ਤੇ ਕਾਲਜ ਪਹੁੰਚੇ। ਜ਼ਿਕਰਯੋਗ ਹੈ ਕਿ ਅਮਨਦੀਪ ਸਿੰਘ ਬੁੱਟਰ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸ੍ਰੇਸ਼ਠ ਸਕੂਲ ‘ਰੈਲੀਵੈਂਟ ਹਾਈ ਸਕੂਲ’ ਵਿੱਚ ਬਤੌਰ ਅਧਿਆਪਕ ਸੇਵਾਵਾਂ ਨਿਭਾਅ ਰਹੇ ਹਨ ਅਤੇ ਗੁਰਵਿੰਦਰ ਸਿੰਘ ਰਿਆੜ ਆਸਟ੍ਰੇਲੀਆ ਵਿਖੇ ਬਿਜਨਸਮੈਨ ਹਨ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੋਨੋਂ ਵਿਦਿਆਰਥੀ ਮਹਿਮਾਨਾਂ ਦਾ ਕਾਲਜ ਪਹੁੰਚਣ ’ਤੇ ਨਿੱਘਾ ਸੁਆਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਹਮੇਸ਼ਾਂ ਹੀ ਆਪਣੇ ਪੁਰਾਣੇ ਵਿਦਿਆਰਥੀਆਂ ‘ਤੇ ਗਰਵ ਕਰਦਾ ਹੈ। ਆਪਣੇ ਵਿਦਿਆਰਥੀਆਂ ਦੁਆਰਾ ਕੀਤੀਆਂ ਪ੍ਰਾਪਤੀਆਂ ਕਰਕੇ ਹੀ ਇਹ ਉਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕਾਲਜ ਨੇ ਵਿੱਦਿਆਂ, ਖੇਡਾਂ, ਕਲਚਰਲ ਅਤੇ ਖੋਜ ਦੇ ਖੇਤਰ ਵਿਚ ਪ੍ਰਾਪਤੀਆਂ ਸਦਕਾ ਯੂ.ਜੀ.ਸੀ. ਵਜੋਂ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਟਾਈਟਲ ਪ੍ਰਾਪਤ ਕੀਤਾ ਹੈ। ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਸਦਕਾ ਕਾਲਜ ਜਲਦ ਹੀ ਐਕਸੀਲੈਂਸ ਹੋਣ ਦਾ ਦਰਜਾ ਪ੍ਰਾਪਤ ਕਰੇਗਾ। ਸਾਰੇ ਪੁਰਾਣੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨਾਲ ਵਿਚਾਰ ਚਰਚਾ ਦੌਰਾਨ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਕਾਲਜ ਦੇ ਗਣਿਤ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਪਲਵਿੰਦਰ ਸਿੰਘ, ਪੁਰਾਣੇ ਵਿਦਿਆਰਥੀ ਅਰਮਿੰਦਰ ਸਿੰਘ (ਯੂ.ਐਸ.ਏ) ਅਤੇ ਗੁਰਵਿੰਦਰ ਸਿੰਘ ਚੀਮਾ ਆਦਿ ਮੌਜ਼ੂਦ ਸਨ।

Send this to a friend